Poultry import completely : ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਗੁਆਂਢੀ ਸੂਬਿਆਂ ਵਿੱਚ ਪੰਛੀਆਂ ਸਮੇਤ ਪੋਲਟਰੀ ਨੂੰ ਪ੍ਰਭਾਵਤ ਕਰਨ ਵਾਲੇ ਏਵੀਅਨ ਇੰਫਲੂਐਂਜਾ (ਬਰਡ ਫਲੂ) ਦੇ ਫੈਲਾਅ ਦੇ ਮੱਦੇਨਜਰ ਸੂਬੇ ਨੂੰ ‘ਕੰਟਰੋਲਡ ਏਰੀਆਂ’ ਐਲਾਨਿਆ ਗਿਆ ਹੈ। ਇੱਕ ਹੋਰ ਵੱਡੇ ਫੈਸਲੇ ਤਹਿਤ ਪੰਜਾਬ ਸਰਕਾਰ ਵਲੋਂ 15 ਜਨਵਰੀ, 2021 ਤੱਕ ਤੁਰੰਤ ਪ੍ਰਭਾਵ ਨਾਲ ਪੰਜਾਬ ਰਾਜ ਵਿੱਚ ਪੋਲਟਰੀ ਅਤੇ ਬਿਨਾ ਪ੍ਰੋਸੈਸ ਵਾਲੇ ਪੋਲਟਰੀ ਮੀਟ ਸਮੇਤ ਜੀਵਤ ਪੰਛੀਆਂ ਦੀ ਦਰਾਮਦ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਫੈਸਲੇ ਨੂੰ ਅਗਾਮੀ ਸਥਿਤੀ ਦੇ ਅਧਾਰ ‘ਤੇ ਵਿਚਾਰਿਆ ਜਾਵੇਗਾ।
ਅੱਜ ਇਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਪਸੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵੀ.ਕੇ ਜੰਜੂਆ ਨੇ ਦੱਸਿਆ ਕਿ ਏਵੀਅਨ ਇੰਫਲੂਐਂਜਾ ਦੇ ਫੈਲਾਅ ਨੂੰ ਰੋਕਣ/ਕੰਟਰੋਲ ਲਈ ਇਹ ਦੋਵੇਂ ਫੈਸਲੇ ਪਸੂ ਪਾਲਣ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਸਲਾਹ ਮਸਵਰਾ ਕਰਨ ਉਪਰੰਤ ਲਏ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਲੇ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ਼ ਇੰਫੈਕਸ਼ਨ ਐਂਡ ਕੰਟਾਜੀਅਸ ਡਜੀਸੀਜ਼ ਐਕਟ, 2009 ਤਹਿਤ ਸੂਚੀਬੱਧ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਸਬੰਧਤ ਧਾਰਾਵਾਂ ਅਨੁਸਾਰ ਲਏ ਗਏ ਹਨ।
ਦੱਸਣਯੋਗ ਹੈ ਕਿ ਰਾਜ ਵਿਚ ਅਜੇ ਤੱਕ ਏਵੀਅਨ ਫਲੂ, ਜਾਂ ਬਰਡ ਫਲੂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ, ਇਸ ਲਈ ਪੰਜਾਬ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਅਤੇ ਆਪਣੇ ਗੁਆਂਢੀ ਰਾਜਾਂ ਵਿਚ ਫੈਲਣ ਦੇ ਸੰਭਾਵਿਤ ਪ੍ਰਭਾਵ ਤੋਂ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਰਾਹ ਬੰਦ ਕਰ ਦਿੱਤੇ ਹਨ। ਕੇਂਦਰ ਨੇ ਪਹਿਲਾਂ ਹੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਗੁਆਂਢੀ ਹਿਮਾਚਲ ਪ੍ਰਦੇਸ਼ ਸਣੇ ਘੱਟੋ-ਘੱਟ ਚਾਰ ਰਾਜਾਂ ਵਿੱਚ ਬਰਡ ਫਲੂ ਦੇ ਕੇਸ ਦਰਜ ਕੀਤੇ ਗਏ ਹਨ, ਇਸ ਤੋਂ ਇਲਾਵਾ ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਵਿੱਚ 4 ਲੱਖ ਕੁਕੜੀਆਂ ਦੀ ਮੌਤ ਦੀ ਖ਼ਬਰ ਹੈ। ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਬਰਡ ਫਲੂ ਦੇ ਸ਼ੱਕੀ ਮਾਮਲਿਆਂ ਦੇ ਨਮੂਨੇ ਲੈਣ, ਜਾਂਚ ਕਰਨ ਅਤੇ ਨਿਗਰਾਨੀ ਕਰਨ ਦੇ ਹੁਕਮ ਜਾਰੀ ਕੀਤੇ ਹਨ।