ਪੰਜਾਬ ਵਿੱਚ ਬਿਜਲੀ ਸੰਕਟ ਤੋਂ ਆਮ ਲੋਕਾਂ ਦੇ ਨਾਲ ਕਿਸਾਨਾਂ ਦਾ ਵੀ ਮਾੜਾ ਹਾਲ ਹੈ। ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ। ਬਿਜਲੀ ਵਿਭਾਗ ਆਪਣੇ ਪੱਧਰ ‘ਤੇ ਲੋਕਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਿੱਚ ਲੱਗਾ ਹੋਇਆ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਖੇਤੀਬਾੜੀ, ਘਰੇਲੂ, ਵਪਾਰਕ ਅਤੇ ਉਦਯੋਗਿਕ ਖੇਤਰਾਂ ਵਿੱਚ ਬਿਜਲੀ ਦੀ ਮੰਗ ਵਧਣ ਦੌਰਾਨ ਪ੍ਰਭਾਵਸ਼ਾਲੀ ਬਿਜਲੀ ਸਪਲਾਈ ਬਰਕਰਾਰ ਰੱਖਣ ਲਈ ਮਹਿਕਮੇ ਨੂੰ ਕੁਝ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਬਿਜਲੀ ਸੰਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਕਿਹਾ ਗਿਆ ਹੈ।
PSPCL ਵੱਲੋਂ ਜਾਰੀ ਹਿਦਾਇਤਾਂ ਮੁਤਾਬਕ ਫੀਲਡ ਅਫਸਰ ਪੰਜ ਜੁਲਾਈ ਤੋਂ ਲੈ ਕੇ 19 ਜੁਲਾਈ ਤੱਕ ਪਿੰਡਾਂ ਵਿੱਚ ਜਾ ਕੇ ਉਥੇ ਦੇ ਲੋਕਾਂ, ਸਰਪੰਚਾਂ ਤੇ ਕਿਸਾਨ ਜਥੇਬੰਦੀਆਂ ਦੀਆਂ ਸ਼ਿਕਾਇਤਾਂ ਸੁਣਨਗੇ ਅਤੇ ਉਨ੍ਹਾਂ ਦੇ ਪਿੰਡਾਂ ਵਿੱਚ ਕੀਤੇ ਜਾਣ ਵਾਲੇ ਪ੍ਰਮੁੱਖ ਕਾਰਜਾਂ ਨੂੰ ਨੋਟ ਕਰਨਗੇ। ਉਹ ਮੁੱਦੇ ਜੋ ਐਸਡੀਓ / ਸੀਨੀਅਰ ਜ਼ੋਨ ਪੱਧਰ ‘ਤੇ ਹੱਲ ਨਹੀਂ ਹੋ ਸਕਦੇ ਉਹ ਐਸਈ / ਐਕਸੀਅਨ ਪੱਧਰ ਤੱਕ ਪਹੁੰਚਾਏ ਜਾਣਗੇ।
ਐਸਡੀਓ ਨੂੰ ਰੋਜ਼ਾਨਾ 5 ਪਿੰਡਾਂ, ਸੀਨੀਅਰ ਐਕਸੀਐਨ ਨੂੰ ਇੱਕ ਸਬ-ਡਵੀਜ਼ਨ ਵਿੱਚ ਪੰਜ ਪਿੰਡਾਂ ਤੇ ਐਸਈ ਨੂੰ ਇੱਕ ਡਵੀਜ਼ਨ ਵਿੱਚ ਪੰਜ ਪਿੰਡਾਂ ਦਾ ਦੌਰਾ ਕਰਨਾ ਹੋਵੇਗਾ। ਸੀਨੀਅਰ ਐਕਸੀਐਨ ਅਹਿਮ ਮੁੱਦਿਆਂ ਨੂੰ ਐਸਈ ਰਾਹੀਂ ਸੀਈ ਦੇ ਧਿਆਨ ਵਿੱਚ ਲਿਆਵੇਗਾ।
ਸਾਰੇ ਐਸਐਸਈ ਅਤੇ ਸੀਨੀਅਰ ਐਕਸੀਐਨ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਹਰੇਕ ਗਰਿੱਡ ਸਬ-ਸਟੇਸ਼ਨ ਦਾ ਸੱਤ ਦਿਨਾਂ ਦੇ ਅੰਦਰ ਦੌਰਾ ਕਰਨ ਅਤੇ 8 ਜੁਲਾਈ ਅਤੇ 12 ਜੁਲਾਈ ਨੂੰ ਇਸ ਨੂੰ ਰਿਪੋਰਟ ਦੇਣ।
ਇਹ ਵੀ ਪੜ੍ਹੋ : ਮੋਗਾ ਪੁਲਿਸ ਦੀ ਵੱਡੀ ਕਾਰਵਾਈ- ਵਿੱਕੀ ਗੋਂਡਰ ਦੇ ਕਰੀਬੀ ਸਣੇ KTF ਦੇ ਤਿੰਨ ਮੈਂਬਰ ਕੀਤੇ ਕਾਬੂ
ਪਿੰਡਾਂ ਤੇ ਸਬ-ਸਟੇਸ਼ਨਾਂ ਦੇ ਦੌਰਿਆਂ ਦੀ ਉੱਚ ਅਧਿਕਾਰੀਆਂ ਵੱਲੋਂ ਰੋਜ਼ਾਨਾ ਨਿਗਰਾਨੀ ਰੱਖੀ ਜਾਵੇਗੀ। ਹਰ ਸਬ-ਡਵੀਜ਼ਨ ਵਿੱਚ ਇੱਕ ਵਧੀਕ ਅਸਿਸਟੈਂਟ ਇੰਜੀਨੀਅਰ ਤਾਇਨਾਤ ਕੀਤਾ ਜਾਵੇਗਾ ਜੋਕਿ ਰੋਜ਼ਾਨਾ ਨੋਡਲ ਸ਼ਿਕਾਇਤ ਕੇਂਦਰ (NCC) ‘ਤੇ ਸ਼ਾਮ 7 ਵਜੇ ਤੋਂ 10 ਵਜੇ ਤੱਕ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਦਾ ਹੱਲ ਕਰੇਗਾ ਅਤੇ ਇਨ੍ਹਾਂ ਦਾ ਨਿਪਟਾਰਾ ਕਰੇਗਾ। ਵਧੀਕ ਅਸਿਸਟੈਂਟ ਇੰਜੀਨੀਅਰ ਜੁਲਾਈ ਤੇ ਅਗਸਤ ਮਹੀਨਿਆਂ ਲਈ ਨੋਡਲ ਸ਼ਿਕਾਇਤ ਕੇਂਦਰਾਂ ਦਾ ਇੰਚਾਰਜ ਰਹੇਗਾ।