Power crisis in Punjab and other states : ਰਣਜੀਤ ਸਾਗਰ ਡੈਮ (ਆਰਐਸਡੀ) ਪ੍ਰਸ਼ਾਸਨ ਵੱਲੋਂ ਮੁਰੰਮਤ ਅਤੇ ਸਰਵੇਅ ਦੇ ਕੰਮ ਕਾਰਨ ਮੰਗਲਵਾਰ ਨੂੰ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਨੂੰ ਅਗਲੇ 10 ਦਿਨ ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਪਏਗਾ। ਬੰਨ੍ਹ ਪ੍ਰਸ਼ਾਸਨ ਮੁਤਾਬਕ ਮਾਧੋਪੁਰ ਗੇਟਾਂ ਦੀ ਰਿਪੇਅਰ, ਮੁਕਤੇਸ਼ਵਰ ਧਾਮ ਦੀ ਨੀਂਹ ਦਾ ਸਰਵੇਅ ਅਤੇ ਝੀਲ ਦੇ ਕੁਝ ਸਰਵੇਅ ਕਾਰਨ ਰਾਵੀ ਨਦੀ ਤੋਂ ਪਾਣੀ ਦਾ ਵਹਾਅ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਮਾਧੋਪੁਰ ਫਲੱਡ ਗੇਟ ਨੂੰ ਰਿਪੇਅਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ। ਇਸੇ ਕਾਰਨ ਡੈਮ ਬੈਰਾਜ ਤੋਂ ਪਾਣੀ ਦਾ ਵਹਾਅ ਬੰਦ ਕਰਨ ਅਤੇ ਬਿਜਲੀ ਉਤਪਾਦਨ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਰਣਜੀਤ ਸਾਗਰ ਝੀਲ ਦਾ ਪੱਧਰ 511.21 ਮੀਟਰ ਰਿਕਾਰਡ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿਚ ਝੀਲ ਦੇ ਪਣੀ ਦੇ ਪੱਧਰ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਝੀਲ ਦੀ ਸਮਰੱਥਾ 527.91 ਮੀਟਰ ਹੈ। 24 ਮਈ ਨੂੰ 510.62 ਮੀਟਰ ਪਾਣੀ ਦੇ ਪੱਧਰ ਦੇ ਨਾਲ 6638 ਕਿਊਸਿਕ ਵਹਾਅ ਛੱਡ ਕੇ 71.39 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ। 25 ਮਈ ਨੂੰ 510.60 ਪਾਣੀ ਦੇ ਪੱਧਰ ਨਾਲ 10,693 ਕਿਊਸਿਕ ਵਹਾਅ ਵਿਚ 63.99 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕਰਨ ਤੋਂ ਬਾਅਦ ਮੰਗਲਵਾਰ ਤੜਕੇ ਇਕ ਵਜੇ ਬਿਜਲੀ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ।
ਪ੍ਰਾਜੈਕਟ ਦੇ ਐਸਈ ਨਰੇਸ਼ ਮਹਾਜਨ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਦਿਨਾਂ ਵਿਚ ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਉਤਪਾਦਨ ਨੂੰ ਮੁੜ ਚਾਲੂ ਕਰ ਦਿੱਤਾ ਜਾਵੇਗਾ। ਉਥੇ ਹੀ ਪ੍ਰਾਜੈਕਟ ਦੇ ਮੁੱਖ ਇੰਜੀਨੀਅਰ ਐਸਕੇ ਸਲੂਜਾ ਨੇ ਇਸ ਬਾਰੇ ਕਿਹਾ ਕਿ ਮੁਰੰਮਤ ਦੇ ਕੰਮ ਕਾਰਨ ਦਸ ਦਿਨਾਂ ਤੱਕ ਬਿਜਲੀ ਉਤਪਾਦਨ ਠੱਪ ਰਹੇਗ। ਬਾਰਿਸ਼ ਆਉਣ ਤੋਂ ਪਹਿਲਾਂ ਪ੍ਰਾਜੈਕਟ ਕਿਸੇ ਵੀ ਹਾਲਾਤਾਂ ਨਾਲ ਨਜਿੱਠਣ ਲਈ ਸਮਰੱਥ ਹੈ। ਇਸ ਕੰਮ ਦੇ ਪੂਰਾ ਹੋ ਜਾਣ ਤੋਂ ਬਾਅਦ ਉਤਪਾਦਨ ਨੂੰ ਮੁੜਤ ਸੁਚਾਰੂ ਕਰ ਦਿੱਤਾ ਜਾਵੇਗਾ।