ਮੁਕਤਸਰ ਦੇ ਪਿੰਡ ਬੂੜਾ ਗੁੱਜਰ ਦਾ ਲਾਲ ਪ੍ਰਭਜੋਤ ਸਿੰਘ ਰਾਜਸਥਾਨ ਦੇ ਸੂਰਤਗੜ੍ਹ ਦੇ ਮਹਾਜਨ ਫੀਲਡ ਰੇਂਜ ਵਿੱਚ ਫੌਜੀ ਅਭਿਆਸ ਦੌਰਾਨ ਸ਼ਹੀਦ ਹੋ ਗਿਆ ਸੀ। ਐਤਵਾਰ ਨੂੰ ਵੱਡੀ ਗਿਣਤੀ ਵਿਚ ਲੋਕ ਸਿਪਾਹੀ ਦੇ ਜੱਦੀ ਪਿੰਡ ਵਿਖੇ ਅੰਤਮ ਯਾਤਰਾ ਵਿਚ ਇਕੱਠੇ ਹੋਏ ਅਤੇ ਨਮ ਅੱਖਾਂ ਨਾਲ ਜਵਾਨ ਨੂੰ ਵਿਦਾਈ ਦਿੱਤੀ। ਜਵਾਨ ਦਾ ਸਸਕਾਰ ਫੌਜੀ ਸਨਮਾਨਾਂ ਨਾਲ ਕੀਤਾ ਗਿਆ। ਦੱਸ ਦੇਈਏ ਕਿ ਸਿਪਾਹੀ ਦਾ ਵਿਆਹ ਸਿਰਫ ਪੰਜ ਮਹੀਨੇ ਪਹਿਲਾਂ ਹੋਇਆ ਸੀ।
ਜ਼ਿਕਰਯੋਗ ਹੈ ਕਿ 27 ਸਾਲਾ ਪ੍ਰਭਜੋਤ ਸਿੰਘ ਪੁੱਤਰ ਹਰਦੀਪ ਸਿੰਘ ਪਿੰਡ ਬੂੜਾ ਗੁੱਜਰ ਕਰੀਬ ਛੇ ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ। ਸ਼ਨੀਵਾਰ ਸਵੇਰੇ 11 ਵਜੇ ਉਹ ਸੂਰਤਗੜ੍ਹ ਦੇ ਮਹਾਜਨ ਫੀਲਡ ਰੇਂਜ ਵਿਖੇ ਆਪਣੇ ਸਾਥੀਆਂ ਨਾਲ ਮਿਲਟਰੀ ਅਭਿਆਸ ਕਰ ਰਿਹਾ ਸੀ। ਇਸ ਦੌਰਾਨ ਤੋਪ ਅਤੇ ਗੋਲਾ ਫਟਣ ਕਾਰਨ ਇਕ ਹਾਦਸਾ ਵਾਪਰ ਗਿਆ ਅਤੇ ਪ੍ਰਭਜੋਤ ਸ਼ਹੀਦ ਹੋ ਗਿਆ। ਜਵਾਨ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਲਿਆਂਦਾ ਗਿਆ, ਜਿਥੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਸ਼ਹੀਦ ਦੇ ਅੰਤਿਮ ਸੰਸਕਾਰ ਵੇਲੇ ਫੌਜੀਆਂ ਨੇ ਸਲਾਮੀ ਦਿੱਤੀ। ਐਸਡੀਐਮ ਸਵਰਨਜੀਤ ਕੌਰ ਮੌਕੇ ‘ਤੇ ਪਹੁੰਚੇ ਅਤੇ ਸਿਪਾਹੀ ਦੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। ਪ੍ਰਭਜੋਤ ਦਾ ਵਿਆਹ ਕਰੀਬ ਪੰਜ ਮਹੀਨੇ ਪਹਿਲਾਂ ਹੋਇਆ ਸੀ। ਸਿਪਾਹੀ ਦੀ ਇੱਕ ਛੋਟੀ ਭੈਣ ਵੀ ਹੈ। ਸੂਬੇਦਾਰ ਫਤਿਹ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਬਹੁਤ ਬਹਾਦਰ ਸਿਪਾਹੀ ਸੀ। ਹਾਦਸੇ ਤੋਂ ਬਾਅਦ ਵੀ ਪ੍ਰਭਜੋਤ ਬਹੁਤ ਉਤਸ਼ਾਹਤ ਸੀ ਅਤੇ ਉਹ ਕਹਿੰਦਾ ਰਿਹਾ ਕਿ ਉਸ ਦੇ ਜ਼ਖਮੀ ਹੋਮ ਦੇ ਬਾਵਜੂਦ ਉਹ ਕੁਝ ਨਾ ਹੋਣ ਦੀ ਗੱਲ ਕਹਿੰਦਾ ਰਿਹਾ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਜੇ ਫੌਜੀ ਦੇ ਪਰਿਵਾਰ ਨੂੰ ਜੇਕਰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਉਹ ਹਰ ਸਮੇਂ ਪਰਿਵਾਰ ਦਾ ਸਾਥ ਦੇਣਗੇ।
ਇਹ ਵੀ ਪੜ੍ਹੋ : ਵੈਕਸੀਨ ਵੇਚਣ ਦਾ ਮੁੱਦਾ ਭਖਿਆ, ‘ਆਪ’ ਨੇ ਬੈਰੀਕੇਡ ਤੋੜ ਘੇਰੀ ਸਿਹਤ ਮੰਤਰੀ ਦੀ ਕੋਠੀ, ਪੁਲਿਸ ਨੇ ਲਏ ਹਿਰਾਸਤ ‘ਚ
ਮਹਾਜਨ ਫੀਲਡ ਰੇਂਜ ਦੇ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 11 ਵਜੇ ਦੇ ਕਰੀਬ ਇਸ ਘਟਨਾ ਵਿੱਚ ਦੋ ਫੌਜੀ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਫੌਜ ਦੇ ਹੈਲੀਕਾਪਟਰ ਰਾਹੀਂ ਸੂਰਤਗੜ੍ਹ ਹਸਪਤਾਲ ਲਿਜਾਇਆ ਗਿਆ, ਜਿਥੇ ਬਾਅਦ ਵਿੱਚ ਪ੍ਰਭਜੋਤ ਸ਼ਹੀਦ ਹੋ ਗਿਆ, ਜਦਕਿ ਦੂਸਰਾ ਜ਼ਖਮੀ ਹੈ।