Preparations for questioning of former officers : ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਵੱਲੋਂ ਸੁਪਰੀਮ ਕੋਰਟ ਤੋਂ ਪੇਸ਼ਗੀ ਜ਼ਮਾਨਤ ਮਿਲਣ ਤੋਂ ਬਾਅਦ ਫਿਲਹਾਲ ਉਨ੍ਹਾਂ ਦੀ ਗ੍ਰਿਫਤਾਰੀ ’ਤੇ ਰੋਕ ਤਾਂ ਲੱਗ ਗਈ ਹੈ। ਪਰ ਹੁਣ ਪੁਲਿਸ ਦੀ ਵਿਸ਼ੇਸ਼ ਟੀਮ ਉਨ੍ਹਾਂ ਤੋਂ ਪੁੱਛ-ਗਿੱਛ ਦੀ ਤਿਆਰੀ ਵਿੱਚ ਲੱਗ ਗਈ ਹੈ। ਪੁਲਿਸ ਉਨ੍ਹਾਂ ਤੋਂ ਇਹ ਪੁੱਛਗਿੱਛ ਚੰਡੀਗੜ੍ਹ ਸਥਿਤ ਪੁਲਿਸ ਹੈੱਡਕੁਆਰਟਰ ਜਾਂ ਮੋਹਾਲੀ ਸਥਿਤ ਸੁਰੱਖਿਅਤ ਸਥਾਨ ’ਤੇ ਹੀ ਕਰਨ ’ਤੇ ਵਿਚਾਰ ਕਰ ਰਹੀ ਹੈ ਤਾਂਜੋ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਖਾਸ ਇੰਤਜ਼ਾਮ ਆਸਾਨੀ ਨਾਲ ਕੀਤੇ ਜਾ ਸਕਣ। ਪੁਲਿਸ ਨੇ ਲਗਭਗ 150 ਦੇ ਕਰੀਬ ਸਵਾਲ ਤਿਆਰ ਕੀਤੇ ਹਨ ਜਿਸ ਦੀ ਸੁਮੇਧ ਸੈਣੀ ਕੋਲੋਂ ਪੁੱਛ-ਗਿੱਛ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਸਾਬਕਾ ਡੀਜੀਪੀ ਦੇ ਨਾਲ ਰਹੇ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ, ਹਾਲਾਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੁਲਾਜ਼ਮ ਹੁਣ ਤੱਕ ਰਿਟਾਇਰ ਹੋ ਚੁੱਕੇ ਹਨ। ਮਾਮਲੇ ਨਾਲ ਜੁੜੇ ਰਿਟਾਇਰ ਇੰਸਪੈਕਟਰ ਜਗੀਰ ਸਿੰਘ ਅਤੇ ਅਨੋਖ ਸਿੰਘ ਤੋਂ ਵੀ ਕੁਝ ਤੱਥਾਂ ਨੂੰ ਸਪੱਸ਼ਟ ਕਰਨ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ, ਜੋ ਉਸ ਸਮੇਂ ਸੈਕਟਰ 17 ਥਾਣੇ ਵਿੱਚ ਤਾਇਨਾਤ ਸਨ, ਉਨ੍ਹਾਂ ਤੋਂ ਵੀ ਪੁੱਛਗਿੱਛ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਇਸ ਸੰਬੰਧੀ ਚੰਡੀਗੜ੍ਹ ਤੋਂ ਵੀ ਰਿਕਾਰਡ ਹਾਸਿਲ ਕਰੇਗੀ। ਦੱਸਣਯੋਗ ਹੈ ਕਿ ਸਾਬਕਾ ਡੀਜੀਪੀ ਦੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਹਾਈਕੋਰਟ ਨੇ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ ਅਤੇ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਦੀ 25 ਸਤੰਬਰ ਤੱਕ ਗ੍ਰਿਫਤਾਰੀ ਦੇ ਹੁਕਮ ਦਿੱਤੇ ਸਨ ਪਰ ਇਸੇ ਦੌਰਾਨ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਦੀ ਗ੍ਰਿਫਤਾਰੀ ’ਤੇ ਰੋਕ ਲਗਾ ਦਿੱਤੀ।