Prisoner escapes from Civil Hospital : ਬਠਿੰਡਾ : ਸਰਕਾਰੀ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਨਸ਼ਾ ਸਮੱਗਲਰ (ਅੰਡਰ ਟ੍ਰਾਇਲ ਕੈਦੀ) ਸੁਰੱਖਿਆ ਵਿੱਚ ਤਾਇਨਾਤ ਇਕ ਏਐੱਸਆਈ ’ਤੇ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ ਅਤੇ ਕੈਦੀ ਵਾਰਡ ਦੇ ਦਰਵਾਜ਼ੇ ਨੂੰ ਬਾਹਰੋਂ ਕੁੰਡੀ ਲਗਾ ਗਿਆ। ਉਧਰ, ਜ਼ਖਮੀ ਏਐੱਸਆਈ ਨੇ ਕਿਸੇ ਤਰ੍ਹਾਂ ਮੋਬਾਈਲ ਰਾਹੀਂ ਆਪਣੇ ਸਾਥੀ ਮੁਲਾਜ਼ਮ ਨੂੰ ਘਟਨਾ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਮਾਮਲਾ ਸਿਵਲ ਹਸਪਤਾਲ ਪੁਲਿਸ ਚੌਕੀ ਕੋਲ ਆਉਣ ’ਤੇ ਉਨ੍ਹਾਂ ਤੁਰੰਤ ਜ਼ਖਮੀ ਏਐੱਸਆਈ ਨੂੰ ਹਸਪਤਾਲ ਪਹੁੰਚਾਇਆ।
ਅੰਡਰ ਟ੍ਰਾਇਲ ਕੈਦੀ ਦੀ ਪਛਾਣ ਬਲਕਾਰ ਸਿੰਘ ਉਰਫ ਸੋਨੀ ਵਾਸੀ ਜਲੰਧਰ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਏਐੱਸਆਈ ਮੋਹਨ ਲਾਲ ਨੇ ਦੱਸਿਆ ਕਿ ਹਵਾਲਾਤੀ ਬਲਕਾਰ ਸਿੰਘ ਨੇ ਜੇਲ੍ਹ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਉਸ ਨੂੰ ਸੱਟਾਂ ਲੱਗਣ ਕਰਕੇ ਉਸ ਨੂੰ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦਾ ਇਲਾਜ ਚੱਲ ਰਿਹਾ ਸੀ, ਜਿਸ ਦੀ ਸੁਰੱਖਿਆ ਵਿੱਚ ਉਹ ਅਤੇ ਕਾਂਸਟੇਬਲ ਬਲਦੇਵ ਸਿੰਘ ਡਿਊਟੀ ’ਤੇ ਸਨ। ਸਵੇਰੇ ਸਾਢੇ 7 ਵਜੇ ਦਾ ਸਮਾਂ ਹੋਵੇਗਾ ਕਿ ਬਲਕਾਰ ਸਿੰਘ ਢਿੱਡ ਵਿੱਚ ਦਰਜ ਹੋਣ ਦੀ ਗੱਲ ਕਹਿ ਕੇ ਰੌਲਾ ਪਾਉਣ ਲੱਗਾ, ਕਹਿਣ ਲੱਗਾ ਕਿ ਉਸ ਨੂੰ ਡਾਕਟਰ ਕੋਲ ਲੈ ਕੇ ਜਾਓ।
ਉਸ ਨੇ ਕੁਝ ਦਰਦ ਦੀਆਂ ਦਵਾਈਆਂ ਵੀ ਉਸ ਨੂੰ ਦਿੱਤੀਆਂ ਪਰ ਉਹ ਇਕ ਹੀ ਗੱਲ ’ਤੇ ਅੜਿਆ ਰਿਹਾ ਉਸ ਨੂੰ ਡਾਕਟਰ ਕੋਲ ਲੈ ਕੇ ਜਾਓ। ਉਸ ਨੇ ਕਾਂਸਟੇਬਲ ਬਲਦੇਵ ਨੂੰ ਵ੍ਹੀਲ ਚੇਅਰ ਲੈਣ ਲਈ ਭੇਜ ਦਿੱਤਾ ਅਤੇ ਉਸ ਨੇ ਹਵਾਲਾਤੀ ਦੇ ਪੈਰਾਂ ’ਤੇ ਬੱਝੀ ਹੱਥਕੜੀਆਂ ਖੋਲ੍ਹ ਦਿੱਤੀਆਂ। ਜਿਵੇਂ ਹੀ ਉਸ ਨੇ ਹੱਥਕੜੀ ਖੋਲੀ, ਹਵਾਲਾਤੀ ਨੇ ਪਰਨਾ ਉਸ ਦੇ ਉੱਪਰ ਪਾ ਕੇ ਉਸ ਦਾ ਗਲਾ ਦਬਾ ਦਿੱਤਾ ਅਤੇ ਉਸ ਨੂੰ ਕੰਧ ਨਾਲ ਪਟਕ ਦਿੱਤਾ। ਹਵਾਲਾਤੀ ਨੇ ਖਿੜਕੀ ਦਾ ਸ਼ੀਸ਼ਾ ਤੋੜ ਕੇ ਉਸ ’ਤੇ ਹਮਲਾ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹੱਥ ਅੱਗੇ ਕਰ ਲਿਆ, ਜਿਸ ਨਾਲ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਪਿਆ ਉਸ ਨੂੰ ਮਰਿਆ ਹੋਇਆ ਸਮਝ ਕੇ ਹਵਾਲਾਤੀ ਉਸ ਨੂੰ ਬਾਹਰੋਂ ਕੁੰਡਾ ਲਗਾ ਕੇ ਫਰਾਰ ਹੋ ਗਿਆ।