Private School announced : ਪੰਜਾਬ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਸੂਬੇ ਵਿੱਚ ਪਾਬੰਦੀਆਂ ਲਾਈਆਂ ਹੋਈਆਂ ਹਨ, ਜਿਸ ਦੇ ਚੱਲਦਿਆਂ ਸਕੂਲ-ਕਾਲਜ ਵੀ ਬੰਦ ਕੀਤੇ ਗਏ ਹਨ। ਪਰ ਪੰਜਾਬ ਸਰਕਾਰ ਦੇ ਫੈਸਲੇ ਦੇ ਉਲਟ ਅੱਜ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਰਜਿ.) ਨੇ 10 ਅਪ੍ਰੈਲ ਤੋਂ ਬਾਅਦ ਪੂਰੇ ਪੰਜਾਬ ਵਿੱਚ ਪ੍ਰਾਈਵੇਟ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਫੈਡਰੇਸ਼ਨ ਦੇ ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਲਗਭਗ 90 ਫੀਸਦੀ ਤੋਂ ਵਧੇਰੇ ਮਾਤਾ-ਪਿਤਾ ਨੇ ਲਿਖਤੀ ਤੌਰ ’ਤੇ ਸਕੂਲਾਂ ਨੂੰ ਖੋਲ੍ਹੇ ਜਾਣ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਮੋਗਾ ਵਿੱਚ ਅੱਜ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਰਜਿ.) ਅਤੇ ਸਹਿਯੋਗੀ ਐਸੋਸੀਏਸ਼ਨਾਂ ਰਾਸਾ, ਪੂਸਾ, ਕਾਸਾ ਦੇ ਜ਼ਿਲ੍ਹਾ ਪ੍ਰਤੀਨਿਧੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਫੈਸਲਾ ਲਿਆ ਕਿ ਜੇਕਰ ਸਿਰਫ ਸਕੂਲਾਂ ‘ਤੇ ਹੀ ਲੌਕਡਾਊਨ ਵਧਾਇਆ ਗਿਆ ਤਾਂ ਉਹ 10 ਅਪ੍ਰੈਲ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਪ੍ਰਾਈਵੇਟ ਸਕੂਲ ਖੋਲ੍ਹੇਣਗੇ। ਫੈੱਡਰੇਸ਼ਨ ਦੀ ਕਾਲ ਹੇਠ 10 ਤਰੀਕ ਤੱਕ ਵੱਖ-ਵੱਖ ਸ਼ਾਂਤਮਈ ਤਰੀਕਿਆਂ ਨਾਲ ਮਾਪੇ, ਵਿਦਿਆਰਥੀ ਅਤੇ ਅਧਿਆਪਕ ਮਾਨਯੋਗ ਮੁੱਖ ਮੰਤਰੀ ਪੰਜਾਬ ਤੱਕ ਸਕੂਲ ਖੋਲ੍ਹੇ ਜਾਣ ਦੇ ਸੁਨੇਹੇ ਪਹੁੰਚਾਉਣਗੇ। ਮੀਟਿੰਗ ਵਿੱਚ ਕਿਹਾ ਗਿਆ ਕਿ ਪੂਰੇ ਪੰਜਾਬ ਵਿਚ ਸ਼ਾਪਿੰਗ ਮਾਲ, ਬਾਜ਼ਾਰ ਖੁੱਲ੍ਹੇ ਹਨ, ਪਬਲਿਕ ਟਰਾਂਸਪੋਰਟ ਚੱਲ ਰਹੀ ਹੈ ਤਾਂ ਇਕੱਲੇ ਸਕੂਲ ਬੰਦ ਕਰਨਾ ਸਹੀ ਨਹੀਂ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਕਰਕੇ ਨਾਈਟ ਕਰਫਿਊ ਲਗਾਇਆ ਗਿਆ ਹੈ ਅਤੇ ਸਕੂਲ ਤੇ ਕਾਲਜ ਬੰਦ ਕੀਤੇ ਗਏ ਹਨ। ਜਿਸ ਕਰਕੇ ਵਿਦਿਆਰਥੀਆਂ ਤੇ ਮਾਪਿਆਂ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪਹਿਲਾਂ ਇਹ ਪਾਬੰਦੀਆਂ 31 ਮਾਰਚ ਤੱਕ ਲਗਾਈਆਂ ਗਈਆਂ ਸਨ ਪਰ ਹੁਣ ਇਸ ਨੂੰ ਵਧਾ ਕੇ 10 ਅਪ੍ਰੈਲ ਤੱਕ ਕਰ ਦਿੱਤਾ ਗਿਆ ਹੈ। ਪਰ ਇਸ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਭ ਕੁਝ ਖੁੱਲ੍ਹਾ ਹੈ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੀ ਕਿਉਂ ਖਤਰੇ ਵਿੱਚ ਪਾਇਆ ਜਾ ਰਿਹਾ ਹੈ।