Private schools will obtain accreditation : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹੁਣ ਪ੍ਰਾਈਵੇਟ ਸਕੂਲਾਂ ਅਤੇ ਸੰਸਥਾਵਾਂ ਲਈ ਮਾਨਤਾ/ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ ਦੀ ਵਿਧੀ ਨੂੰ ਸੌਖਾ ਕਰ ਦਿੱਤਾ ਗਿਆ ਹੈ। ਇਸ ਅਧੀਨ ਹੁਣ ਇਹ ਸਕੂਲ ਆਨਲਾਈਨ ਇਨ੍ਹਾਂ ਸਰਟੀਫਿਕੇਟਾਂ ਲਈ ਅਪਲਾਈ ਵੀ ਕਰ ਸਕਣਗੇ ਅਤੇ ਤਿਆਰ ਹੋਣ ਤੋਂ ਬਾਅਦ ਆਪਣੀ ਲਾਗ-ਇਨ ਆਈਡੀ ਤੋਂ ਡਾਊਨਲੋਡ ਕਰ ਸਕਣਗੇ।
ਦੱਸਣਯੋਗ ਹੈ ਕਿ ਪ੍ਰਾਈਵੇਟ ਸਕੂਲ / ਸੰਸਥਾਵਾਂ ਨੂੰ ਮਾਨਤਾ / ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰਨਾ ਪਏਗਾ। ਰਜਿਸਟ੍ਰੇਸ਼ਨ ਦੀ ਫੀਸ ਵੀ ਸਕੂਲ/ ਸੰਸਥਾ ਦੁਆਰਾ ਆਨਲਾਈਨ ਅਦਾ ਕੀਤੀ ਜਾਏਗੀ। ਸਕੂਲਾਂ ਤੋਂ ਪ੍ਰਾਪਤ ਹੋਈਆਂ ਅਰਜ਼ੀਆਂ ਸਿੱਧੇ ਜ਼ਿਲ੍ਹਾ ਸਿੱਖਿਆ ਅਫਸਰ (ਈ.ਈ.) ਕੋਲ ਜਾਣਗੇ ਅਤੇ ਉਹ ਦਸਤਾਵੇਜ਼ਾਂ ਦੀ ਪੜਤਾਲ ਲਈ ਸਬੰਧਤ ਕਮੇਟੀ ਨੂੰ ਆਨਲਾਈਨ ਦਸਤਾਵੇਜ਼ ਭੇਜਣਗੇ। ਜ਼ਿਲ੍ਹਾ ਸਿੱਖਿਆ ਅਫਸਰ (ਈ ਈ) ਪ੍ਰਾਪਤ ਹੋਏ ਦਸਤਾਵੇਜ਼ਾਂ ਨੂੰ ਕੋਈ ਕਮੀ ਹੋਣ ‘ਤੇ ਰੱਦ ਕਰ ਸਕਦਾ ਹੈ।
ਦਸਤਾਵੇਜ਼ਾਂ ਦੀ ਪੜਤਾਲ ਅਤੇ ਕਮੇਟੀ ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ (ਈ.ਈ.) ਇਸ ਮਾਮਲੇ ਨੂੰ ਸਬੰਧਤ ਸਕੂਲ / ਸੰਸਥਾ ਦੀ ਜਾਂਚ ਲਈ ਜਾਂਚ ਕਮੇਟੀ ਨੂੰ ਭੇਜੇਗਾ। ਮੁਆਇਨਾ ਕਰਨ ਤੋਂ ਬਾਅਦ ਸਬੰਧਤ ਕਮੇਟੀ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ 7 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਵਾਪਸ ਭੇਜ ਦਿੱਤੀ ਜਾਵੇਗੀ। ਇੱਕ ਵਾਰ ਜਦੋਂ ਸਭ ਕੁਝ ਸਹੀ ਪਾਇਆ ਜਾਂਦਾ ਹੈ, ਤਾਂ ਉਸ ਸੰਸਥਾ ਦਾ ਮਾਨਤਾ / ਰਜਿਸਟ੍ਰੇਸ਼ਨ ਸਰਟੀਫਿਕੇਟ ਆਪਣੇ ਆਪ ਤਿਆਰ ਹੋ ਜਾਵੇਗਾ ਅਤੇ ਸਬੰਧਤ ਸਕੂਲ / ਸੰਸਥਾ ਦੇ ਲੌਗਇਨ ਆਈਡੀ ਤੇ ਪ੍ਰਦਰਸ਼ਿਤ ਹੋ ਜਾਵੇਗਾ, ਜਿਸ ਨੂੰ ਸੰਬੰਧਤ ਸਕੂਲਾਂ ਵੱਲੋਂ ਡਾਊਨਲੋਡ ਕੀਤਾ ਜਾ ਸਕਦਾ ਹੈ।