Priyanka Gandhi Vadra: ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਆਮ ਲੋਕ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਯੋਗਦਾਨ ਦੇ ਤੌਰ ‘ਤੇ ਪੈਸੇ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਪੀ.ਐੱਮ.ਕੇਅਰਜ਼ ਫੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਵਿੱਚ ਲੋਕਾਂ ਤੋਂ ਪੀ.ਐੱਮ. ਕੇਅਰਜ਼ ਫੰਡ ਵਿੱਚ 100-100 ਰੁਪਏ ਦਾ ਯੋਗਦਾਨ ਦੇਣ ਨਾਲ ਜੁੜੇ ਜ਼ਿਲ੍ਹਾ ਅਧਿਕਾਰੀ ਦੇ ਇੱਕ ਆਦੇਸ਼ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ ਕਿ ਦੇਸ਼ ਦੇ ਕਈ ਪੂੰਜੀਪਤੀਆਂ ਦੇ 68 ਹਜ਼ਾਰ ਰੁਪਏ ਦਾ ਕਰਜ਼ ਵੱਟੇ ਖਾਤੇ ਵਿੱਚ ਪਾਉਣ ਦਾ ਵੀ ਹਿਸਾਬ ਹੋਣਾ ਚਾਹੀਦਾ ਹੈ ।
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ. ਜਿਸ ਵਿੱਚ ਉਨ੍ਹਾਂ ਲਿਖਿਆ ਕਿ ਇੱਕ ਸੁਝਾਅ: ਜਦੋਂ ਜਨਤਾ ਸੰਕਟ ਵਿੱਚ ਹੈ, ਰਾਸ਼ਨ, ਪਾਣੀ, ਨਕਦੀ ਦੀ ਕਿੱਲਤ ਹੈ, ਸਰਕਾਰੀ ਮਹਿਕਮਾ ਸਭ ਤੋਂ 100-100 ਰੁਪਏ ਪੀ.ਐੱਮ. ਕੇਅਰਜ਼ ਫੰਡ ਲਈ ਵਸੂਲ ਰਿਹਾ ਹੈ, ਉਦੋਂ ਹਰ ਨਜ਼ਰੀਏ ਨਾਲ ਉੱਚਿਤ ਰਹੇਗਾ ਕਿ ਪੀ.ਐੱਮ. ਕੇਅਰਜ਼ ਫੰਡ ਦਾ ਸਰਕਾਰੀ ਆਡਿਟ ਵੀ ਹੋਵੇ । ਉਨ੍ਹਾਂ ਇਸ ਤੋਂ ਅੱਗੇ ਕਿਹਾ ਕਿ ਦੇਸ਼ ਛੱਡ ਕੇ ਭੱਜ ਚੁੱਕੇ ਬੈਂਕ ਚੋਰਾਂ ਦੇ 68 ਹਜ਼ਾਰ ਕਰੋੜ ਮੁਆਫ਼ ਹੋਏ ਉਸ ਦਾ ਹਿਸਾਬ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਸ ਸੰਕਟ ਦੇ ਸਮੇਂ ਜਨਤਾ ਦੇ ਸਾਹਮਣੇ ਪਾਰਦਰਸ਼ਤਾ ਮਹੱਤਵਪੂਰਨ ਹੈ । ਜਿਸ ਵਿੱਚ ਜਨਤਾ ਅਤੇ ਸਰਕਾਰ ਦੋਹਾਂ ਦੀ ਹੀ ਭਲਾਈ ਹੈ ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਫੰਡ ਨੂੰ ਬਣਾਉਂਦੇ ਹੋਏ ਕਿਹਾ ਸੀ ਕਿ ਕੋਵਿਡ-19 ਵਰਗੀ ਕਿਸੇ ਸਥਿਤੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਸਿਵਲ ਸਹਾਇਤਾ ਅਤੇ ਐਮਰਜੈਂਸੀ ਰਾਹਤ ਫੰਡ (ਪ੍ਰਧਾਨ ਮੰਤਰੀ-ਕੇਅਰਸ ਫੰਡ) ਦੀ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਲਈ ਦਾਨ ਕਰਨਾ ਚਾਹੀਦਾ ਹੈ ।