Prohibition on gathering and walking : ਚੰਡੀਗੜ੍ਹ : ਕੋਰੋਨਾ ਦੇ ਮਾਮਲੇ ਪੰਜਾਬ ਵਿਚ ਲਗਾਤਾਰ ਵਧਦੇ ਹੀ ਜਾ ਰਹੇ ਹਨ। ਸਕੱਤਰੇਤ ਪ੍ਰਸ਼ਾਸਨ ਵੱਲੋਂ ਵੀ ਕੋਰੋਨਾ ਸਬੰਧੀ ਸਾਵਧਾਨੀ ਵਰਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਪੰਜਾਬ ਸਕੱਤਰੇਤ ਪ੍ਰਸ਼ਾਸਨ ਵੱਲੋਂ ਸਕੱਤਰੇਤ 1 ਅਤੇ 2 ਦੀਆਂ ਗੈਲਰੀਆਂ ਵਿਚ ਇਕੱਠ ਕਰਨ ਅਤੇ ਲੰਚ ਸਮੇ ਘੁੰਮਣ ’ਤੇ ਰੋਕ ਲਗਾ ਦਿੱਤੀ ਗਈ ਹੈ। ਹਾਲਾਂਕਿ ਪਰਸੋਨਲ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦਾ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰਖਦੇ ਹੋਏ ਦਫਤਰ ਵਿਚ 50 ਫੀਸਦੀ ਸਟਾਫ ਬੁਲਾਉਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਸਨ ਅਤੇ 100 ਜਾਂ ਉਸ ਤੋਂ ਵੱਧ ਵਾਲੇ ਦਫਤਰੀ ਕੰਪਲੈਕਸ ਦੇ ਮੁਲਾਜ਼ਮਾਂ ਦਾ ਡਿਊਟੀ ਦਾ ਸਮਾਂ ਵੀ ਵੰਡਿਆ ਗਿਆ ਸੀ। ਪਰਸੋਨਲ ਵਿਭਾਗ ਦੀਆਂ ਸਾਰੀਆਂ ਹਿਦਾਇਤਾਂ ਦੇ ਬਾਵਜੂਦ ਮੁਲਾਜ਼ਮ ਆਮ ਦਿਨਾਂ ਵਾਂਗ ਸ਼ਾਖਾਵਾਂ ਵਿਚ ਇਕੱਠ ਕਰਦੇ ਨਜ਼ਰ ਆ ਰਹੇ ਸਨ।
ਸਕੱਤਰੇਤ ਮੁਲਾਜ਼ਮ ਐਸੋਸੀਏਸ਼ਨ ਵੱਲੋਂ ਪੈਨ ਡਾਊਨ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦੇ ਚੱਲਦਿਆਂ 50–60 ਮੁਲਾਜ਼ਮ ਇਕੱਠੇ ਹੋ ਕੇ ਰੈਲੀਆ ਕਰ ਰਹੇ ਹਨ, ਜਿਸ ਨਾਲ ਸੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਹੋ ਰਹੀ। ਇਸ ਤਰ੍ਹਾਂ ਕੋਰੋਨਾ ਮਹਾਮਾਰੀ ਦੇ ਫੈਲਣ ਦਾ ਜ਼ਿਆਦਾ ਖ਼ਤਰਾ ਵੀ ਬਣ ਗਿਆ ਹੈ। ਇਸੇ ਦੇ ਮੱਦੇਨਜ਼ਰ ਘੁੰਮਣ ਫਿਰਨ ਅਤੇ ਇਕੱਠ ਕਰਨ ’ਤੇ ਸਕੱਤਰੇਤ ਪ੍ਰਸ਼ਾਸਨ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਸਕੱਤਰੇਤ 1 ਅਤੇ 2 ਵਿਚ 8 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਦੋਕਿ 90 ਕਰਮਚਾਰੀਆ ਦੇ ਟੈਸਟ ਕਰਵਾਏ ਗਏ ਹਨ।