Prominent novelist Raj Kumar Garg : ਉੱਘੇ ਨਾਵਲਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਕਾਰਜਕਾਰੀ ਮੈਂਬਰ ਰਾਜ ਕੁਮਾਰ ਗਰਗ ਦਾ ਸੰਗਰੂਰ ਵਿਖੇ ਦਿਹਾਂਤ ਹੋ ਗਿਆ ਹੈ। ਦੱਸਣਯੋਗ ਹੈ ਕਿ ਉਨ੍ਹਾਂ ਨੇ ਇਸੇ ਮਹੀਨੇ 15 ਜੁਲਾਈ ਨੂੰ ਆਪਣਾ 70ਵਾਂ ਜਨਮ ਦਿਨ ਮਨਾਉਣ ਸੀ ਅਤੇ ਆਪਣਾ ਨਵਾਂ ਨਾਵਲ ’ਚਾਨਣ ਦੀ ਉਡੀਕ’ ਵੀ ਲੋਕ ਅਰਪਨ ਕੀਤਾ। ਉਨ੍ਹਾਂ ਨੇ ਆਪਣੀ ਇਕ ਸਵੈ-ਜੀਵਨੀ ’ਸੁਲਗਦੀ ਅੱਗ ਦਾ ਸੇਕ’ ਵੀ ਲਿਖੀ ਸੀ। ਉਨ੍ਹਾਂ ਨੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਿੱਚ ਵੀ ਬੇਸ਼ਕੀਮਤੀ ਸੇਵਾਵਾਂ ਪ੍ਰਦਾਨ ਕੀਤੀਆਂ। ਉਹ ਬਰਨਾਲਾ ਦੀ ਸਾਹਿੱਤਕ ਲਹਿਰ ਦੇ ਲੰਮਾ ਸਮਾਂ ਕਾਰਕੁਨ ਰਹੇ। ਉਨ੍ਹਾਂ ਨੇ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਜੀ ਦੀ ਪ੍ਰੇਰਨਾ ਨਾਲ ਨਾਵਲ ਲਿਖਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਖੇਤੀਬਾੜੀ ਵਿਚ ਗ੍ਰੈਜੂਏਸ਼ਨ ਕੀਤੀ ਹੋਈ ਸੀ। ਉਨ੍ਹਾਂ ਨੇ ਖੇਤੀਬਾੜੀ ਕਰਨ ਦੇ ਨਵੇਂ ਢੰਗ, ਜੈਵਿਕ ਖੇਤੀ ਤੇ ਜੀਵ ਵਿਗਿਆਨ, ਪੌਦ ਸੁਰੱਖਿਆ, ਜ਼ਹਿਰ ਮੁਕਤ ਖੇਤੀ, ਪ੍ਰਦੂਸ਼ਣ ਤੋਂ ਬਚਾਉ,ਖੇਤੀਬਾੜੀ ਸਮੱਸਿਆਵਾਂ ਤੇ ਉਨ੍ਹਾਂ ਦਾ ਹੱਲ ਤੋਂ ਇਲਾਵਾ ਖੇਤੀਬਾੜੀ ਸਬੰਧੀ ਸਹਾਇਕ ਧੰਦੇ ਆਦਿ ਕਈ ਕਿਤਾਬਾਂ ਲਿਖੀਆਂ ਸਨ।
ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਰਾਜ ਕੁਮਾਰ ਗਰਗ ਦੇ ਦਿਹਾਂਤ ’ਤੇ ਦੁਖ ਪ੍ਰਗਟਾਉਂਦਿਆਂ ਕਿਹਾ ਕਿ ਰਾਜ ਕੁਮਾਰ ਗਰਗ ਦਾ ਭੇਜਿਆ ਨਵਾਂ ਨਾਵਲ ਚਾਨਣ ਦੀ ਉਡੀਕ ਅਜੇ ਪਰਸੋਂ ਹੀ ਮੈਨੂੰ ਮਿਲਿਆ ਸੀ। ਉਨ੍ਹਾਂ ਨੇ ਟੁੱਟ ਰਹੀ ਕਿਸਾਨੀ, ਖੇਤੀ ਉਪਜ ਵਣਜ ਵਪਾਰ ਦੀਆਂ ਸਮੱਸਿਆਵਾਂ ਬਾਰੇ ਲਿਖਣ ਵਾਲਾ ਗਰਗ ਚਿਰਾਂ ਤੀਕ ਯਾਦ ਰਹੇਗਾ। ਦੱਸਣਯੋਗ ਹੈ ਕਿ ਉਨ੍ਹਾਂ ਦੇ ਨਾਵਲ ਹਿੰਦੀ ਤੇ ਅੰਗਰੇਜ਼ੀ ’ਚ ਵੀ ਅਨੁਵਾਦ ਹੋ ਕੇ ਛਪ ਚੁੱਕੇ ਹਨ। ਤਰਕਭਾਰਤੀ ਪ੍ਰਕਾਸ਼ਨ ਵੱਲੋਂ ਛਪੇ ਨਾਵਲ ਤੋਂ ਪਹਿਲਾਂ ਰਾਜ ਕੁਮਾਰ ਗਰਗ ਜੱਟ ਦੀ ਜੂਨ, ਟਿੱਬਿਆਂ ਵਿੱਚ ਵਗਦਾ ਦਰਿਆ, ਪੌੜੀਆਂ, ਜਿਗਰਾ ਧਰਤੀ ਦਾ, ਆਪੇ ਅਰਜਨ ਆਪ ਸਾਰਥੀ, ਸੂਰਜ ਕਦੇ ਮਰਦਾ ਨਹੀਂ ਤੇ ਭਲਾਮਾਣਸ ਕੌਣ ਨਾਵਲ ਲਿਖ ਚੁਕੇ ਸਨ।