Provinces will no longer be able : ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਦੇ ਚੱਲਦਿਆਂ ਪੀਜੀਆਈ ਚੰਡੀਗੜ੍ਹ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ, ਜਿਸ ਅਧੀਨ ਹੁਣ ਕੋਰੋਨਾ ਪੀੜਤ ਮਰੀਜ਼ਾਂ ਨੂੰ ਸੂਬਿਆਂ ਵੱਲੋਂ ਸਿੱਧੇ ਤੌਰ ’ਤੇ ਪੀਜੀਆਈ ਲਈ ਰੈਫਰ ਨਹੀਂ ਕੀਤਾ ਜਾਵੇਗਾ। ਪੀਜੀਆਈ ਦੀਆਂ ਗਾਈਡਲਾਈਨਸ ਮੁਤਾਬਕ ਉਨ੍ਹਾਂ ਦਾ ਇਲਾਜ ਸੂਬੇ ਦੇ ਹਸਪਤਾਲ ਵਿਚ ਹੀ ਕੀਤਾ ਜਾਵੇਗਾ। ਮਰੀਜ਼ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੋਣ ’ਤੇ ਹੀ ਉਸ ਨੂੰ ਪੀਜੀਆਈ ਰੈਫਰ ਕੀਤਾ ਜਾ ਸਕਦਾ ਹੈ। ਇਹ ਫੈਸਲਾ ਪੰਜਾਬ ਸਣੇ ਬਾਕੀ ਸੂਬਿਆਂ ’ਤੇ ਵੀ ਲਾਗੂ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੀਜੀਆਈ ਡਾਇਰੈਕਟਰ ਜਗਤ ਰਾਮ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਪੀਜੀਆਈ ਰੈਫਰ ਕਰਨ ਤੋਂ ਪਹਿਲਾਂ ਪੀਜੀਆਈ ਦੇ ਨੋਡਲ ਅਧਿਕਾਰੀ ਨਾਲ ਗੱਲ ਕਰਨੀ ਹੋਵੇਗੀ ਅਤੇ ਉਸ ਮਰੀਜ਼ ਦਾ ਇਲਾਜ ਪੀਜੀਆਈ ਦੀ ਗਾਈਲਡਾਈਨ ’ਤੇ ਉਥੇ ਆਪਣੇ ਸੂਬੇ ਦੇ ਹਸਪਤਾਲ ਵਿਚ ਕਰਨਾ ਹੋਵੇਗਾ। ਜੇਕਰ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਹੈ ਜਾਂ ਸਥਿਤੀ ਅਜਿਹੀ ਰਹਿੰਦੀ ਹੈ ਕਿ ਉਸ ਦਾ ਇਲਾਜ ਉਥੇ ਨਹੀਂ ਹੋ ਸਕਦਾ, ਉਸ ਸੂਰਤ ਵਿਚ ਕੋਰੋਨਾ ਮਰੀਜ਼ ਨੂੰ ਪੀਜੀਆਈ ਰੈਫਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਬਦਨੋਰ ਦੇ ਕਹਿਣ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਸਿਹਤ ਵਿਭਾਗ ਦੇ ਸੈਕਟਰੀ ਨਾਲ ਮੀਟਿੰਗ ਕੀਤੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਅਤੇ ਇਹ ਫੈਸਲਾ ਬਾਕੀ ਸੂਬਿਆਂ ’ਤੇ ਵੀ ਲਾਗੂ ਹੁੰਦਾ ਹੈ। ਦੱਸਣਯੋਗ ਹੈ ਕਿ ਪੀਜੀਆਈ ਵਿਚ ਲਗਾਤਾਰ ਗੁਆਂਢੀ ਸੂਬੇ ਪੰਜਾਬ ਹਰਿਆਣਾ, ਹਿਮਾਚਲ ਜਾਂ ਹੋਰ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਧ ਰਹੀ ਹੈ, ਜਿਸ ਦੇ ਚੱਲਦਿਆਂ ਪੀਜੀਆਈ ਚੰਡੀਗੜ੍ਹ ਵੱਲੋਂ ਇਹ ਫੈਸਲਾ ਲਿਆ ਗਿਆ ਹੈ।