PSEB cuts 1/3 posts : ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀਆਂ ਇਕ ਤਿਹਾਈ ਪੋਸਟਾਂ ਨੂੰ ਖਤਮ ਕਰ ਦਿੱਤਾ ਹੈ। ਇਹ ਫੈਸਲਾ ਮਈ ਅਤੇ ਜੁਲਾਈ ਵਿੱਚ ਕੀਤੀਆਂ ਗਈਆਂ ਬੋਰਡ ਦੀਆਂ ਮੀਟਿੰਗਾਂ ਵਿੱਚ ਲਿਆ ਗਿਾ ਸੀ, ਜਿਸ ਸੰਬੰਧੀ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਨ੍ਹਾਂ ਪੋਸਟਾਂ ਵਿੱਚ ਕਟੌਤੀ ਸੰਬੰਧੀ ਪੁਸ਼ਟੀ ਕੀਤੀ।
ਬੋਰਡ ਵਿੱਚ ਪ੍ਰਬੰਧਕੀ, ਅਕਾਦਮਿਕ, ਪ੍ਰਕਾਸ਼ਨ ਅਤੇ ਹੋਰ ਫੁਟਕਲ ਵਿਭਾਗ ਵਿੱਚ 33 ਤਰ੍ਹਾਂ ਦੇ ਅਹੁਦੇ ਹਨ। ਸਭ ਤੋਂ ਵੱਡੀ ਮਾਰ ਤੀਸਰੇ ਅਤੇ ਚੌਥੇ ਦਰਜੇ ’ਤੇ ਪਈ ਹੈ ਜਿਨ੍ਹਾਂ ਦੀਆਂ ਰੈਗੂਲਰ ਪੋਸਟਾਂ ਲਗਭਗ ਖਤਮ ਕਰ ਦਿੱਤੀਆਂ ਗਈਆਂ ਹਨ। ਇਹ ਕੰਮ ਹੁਣ ਆਊਟਸੋਰਸ ਕੀਤੇ ਜਾ ਰਹੇ ਹਨ। ਬੋਰਡ ਵਿੱਚ ਇਸ ਸਮੇਂ ਜੁਆਇੰਟ ਸਕੱਤਰ ਤੋਂ ਲੈ ਕੇ ਹੇਠਾਂ ਤੱਕ 1338 ਪੋਸਟਾਂ ਹਨ ਜਿਨ੍ਹਾਂ ਵਿੱਚੋਂ ਬੋਰਡ ਨੇ 292 ਅਹੁਦਿਆਂ ਨੂੰ ਖਤਮ ਕਰ ਦਿੱਤਾ ਹੈ। ਰੀਸਟਰੱਕਚਰਿੰਗ ਦੇ ਨਾਂ ’ਤੇ ਖਤਮ ਕੀਤੀਆਂ ਗਈਆਂ ਇਨ੍ਹਾਂ ਪੋਸਟਾਂ ’ਤੇ ਪਿਛਲੇ ਲੰਮੇ ਸਮੇਂ ਤੋਂ ਭਰਤੀ ਹੀ ਨਹੀਂ ਕੀਤੀ ਜਾ ਰਹੀ ਸੀ ਅਤੇ ਹੁਣ ਇਨ੍ਹਾਂ ਦੀ ਲੋੜ ਨਾ ਕਹਿ ਕੇ ਬੋਰਡ ਨੇ ਇਨ੍ਹਾਂ ਨੂੰ ਖਤਮ ਕਰ ਦਿੱਤਾ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਬੋਰਡ ਦਾ ਕੰਪਿਊਟਰੀਕਰਣ ਕਰਨ ਤੋਂ ਬਾਅਦ ਬਹੁਤ ਸਾਰੇ ਅਜਿਹੇ ਅਹੁਦਿਆਂ ਨੂੰ ਖਤਮ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਜਿਨ੍ਹਾਂ ’ਤੇ ਹੁਣ ਕੋਈ ਕੰਮ ਨਹੀਂ ਬਚਿਆ ਹੈ। ਇਹ ਪ੍ਰੋਸੈੱਸ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ। ਇਹ ਅਹੁਦੇ ਸੰਮੇ ਸਮੇਂ ਤੋਂ ਖਾਲੀ ਪਏ ਹੋਏ ਸਨ। ਹੁਣ ਬੋਰਡ ਦੀ ਰੀਸਟਰੱਕਚਰਿੰਗ ਕੀਤੀ ਗਈ ਹੈ ਅਤੇ ਨਵੀਆਂ ਲੋੜਾਂ ਮੁਤਾਬਕ ਮੁਲਾਜ਼ਮਾਂ ਨੂੰ ਰੱਖਿਆ ਜਾਵੇਗਾ।
ਦੱਸਣਯੋਗ ਹੈ ਕਿ ਪ੍ਰਬੰਧਕੀ ਵਿਭਾਗ ਵਿਚ ਜੁਆਇੰਟ ਸਕੱਤਰ ਦੇ 3 ਅਹੁਦਿਆਂ ਵਿਚੋਂ 2, ਉਪ ਸਕੱਤਰ ਦੇ 10 ਵਿੱਚੋਂ 8, ਸਹਾਇਕ ਸਕੱਤਰ ਦੇ 23 ਵਿੱਚੋਂ 11, ਸੁਪਰਿਟੈਂਡੈਂਟ ਦੇ 92 ’ਚੋਂ 14, ਸੀਨੀਅਰ ਸਹਾਇਕ ਦੇ 340 ’ਚੋਂ 50, ਕਲਰਕ ਕਮ ਡਾਟਾ ਐਂਟਰੀ ਦੇ 425 ’ਚੋਂ 125, ਪੀਏ ਗ੍ਰੇਡ-1 ਦੇ 6 ’ਚੋਂ 1, ਸਟੈਨੋਗ੍ਰਾਫਰ ਸੀਨੀਅਰ ਦੇ 16 ’ਚੋਂ 9, ਸਟੈਨੋਗ੍ਰਾਫਰ ਜੂ. ਦੇ 16 ’ਚੋਂ 16, ਸੀਨੀਅਰ ਮੈਨੇਜਰ ਦੇ 2 ’ਚੋਂ 1, ਜ਼ਿਲ੍ਹਾ ਮੈਨੇਜਰ ਦੇ 21 ’ਚੋਂ 8, ਸਵੀਪਰ ਦੇ 10 ’ਚੋਂ 10, ਦਫਤਰੀ ਸਟਾਫ ’ਚੋਂ 32 ’ਚੋਂ 24, ਹੈਲਪਰ ’ਚੋਂ 184 ’ਚੋਂ 114 ਤੇ ਮਾਲੀ ਦੇ 6 ’ਚੋਂ 6 ਅਹੁਦਿਆਂ ਵਿੱਚ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਡਾਇਰੈਕਟਰ ਕੰਪਿਊਟਰ ਦੇ ਇਕ ਅਹੁਦੇ ਦੀ ਭਰਤੀ ਠੇਕੇ ਦੇ ਆਧਾਰ ’ਤੇ ਹੀ ਕੀਤੀ ਜਾਵੇਗੀ ਅਤੇ ਅਕਾਦਮਿਕ, ਪ੍ਰਕਾਸ਼ਨ ਵਿਭਾਗ ਵਿੱਚ ਵੀ ਪੋਸਟਾਂ ਨੂੰ ਖਤਮ ਕਰ ਦਿੱਤਾ ਗਿਆ ਹੈ।