ਪਟਿਆਲਾ : ਪੰਜਾਬ ਵਿੱਚ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਜਿਥੇ ਕਿਸਾਨਾਂ ਨੂੰ ਪੂਰੀ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਹੈ, ਉਥੇ ਹੀ ਆਮ ਲੋਕ ਕੜਾਕੇ ਦੀ ਗਰਮੀ ਵਿੱਚ ਲੱਗ ਰਹੇ ਕੱਟਾਂ ਕਰਕੇ ਲੋਕਾਂ ਦਾ ਬੁਰਾ ਹਾਲ ਹੈ। ਇਸ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਤਲਵੰਡੀ ਸਾਬੋ ਦੇ ਥਰਮਲ ਪਾਵਰ ਪਵਾਂਟ ਨੂੰ ਜੁਰਮਾਨਾ ਲਾਇਆ ਹੈ।
ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਨੂੰ ਜੁਰਮਾਨੇ ਦੇ ਇਹ ਨੋਟਿਸ ਯੂਨਿਟ ਨੰਬਰ ਤਿੰਨ ਦੀ ਸਮੇਂ ਸਿਰ ਬਿਜਲੀ ਮੁਹੱਈਆ ਨਾ ਕਰਵਾਉਣ ਲਈ ਭੇਜਿਆ ਗਿਆ ਹੈ। ਇਸ ਦਾ ਖੁਲਾਸਾ ਪੀਐਸਪੀਸੀਐਲ ਦੇ ਸੀਐਮਡੀ ਏ. ਵੇਨੂੰ ਪ੍ਰਸਾਦ ਨੇ ਕੀਤਾ।
ਤਲਵੰਡੀ ਸਾਬੋ ਪਾਵਰ ਪਲਾਂਟ ਦੇ ਦੂਸਰੀ ਯੂਨਿਟ, ਰੋਪੜ ਥਰਮਲ ਪਲਾਂਟ ਅਤੇ ਭਾਖੜਾ ਹਾਈਡਰੋ ਪ੍ਰਾਜੈਕਟ ਤੋਂ ਹੇਠਲੇ ਪੱਧਰ ਦੇ ਬਿਜਲੀ ਉਤਪਾਦਨ ਦੇ ਅਚਾਨਕ ਘੱਟ ਹੋਣ ਕਾਰਨ ਸੂਬੇ ਵਿੱਚ 30 ਜੂਨ ਅਤੇ 1 ਜੁਲਾਈ ਨੂੰ ਬਿਜਲੀ ਸਪਲਾਈ ਵਿੱਚ ਅਚਾਨਕ ਰੁਕਾਵਟ ਪੈਦਾ ਹੋਈ ਸੀ।
ਪੀਐਸਪੀਸੀਐਲ ਵੱਲੋਂ ਟੀਐਸਪੀਐਲ ਨੂੰ ਲਗਾਤਾਰ ਝੋਨੇ ਦੇ ਸੀਜ਼ਨ ਵਿੱਚ ਆਪਣੀਆਂ 3 ਯੂਨਿਟਸ ਤੋਂ ਬਿਜਲੀ ਸਪਲਾਈ ਦੀ ਪੂਰੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀਆਂ ਲਗਾਤਾਰ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਸਨ, ਪਰ ਟੀਐਸਪੀਐਲ ਅਜਿਹਾ ਕਰਨ ਵਿਚ ਅਸਫਲ ਰਹੀ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ : ਚੌਂਕੀ ਤੁਗਲਵਾਲਾ ਦੀ ਸਰਕਾਰੀ ਗੱਡੀ ‘ਚੋਂ ਮਿਲੀ ਭੁੱਕੀ, ASI ‘ਤੇ ਮਾਮਲਾ ਦਰਜ
ਟੀਐਸਪੀਐਲ ਦੀ ਯੂਨਿਟ ਨੰ 3 ਨੂੰ ਜ਼ਬਰਦਸਤੀ ਬੰਦ ਕਰਨ ਕਰਕੇ ਖੇਤੀਬਾੜੀ ਅਤੇ ਸੂਬੇ ਵਿੱਚ ਘਰੇਲੂ ਖਪਤਕਾਰਾਂ ਨੂੰ 8 ਘੰਟੇ ਬਿਜਲੀ ਸਪਲਾਈ ਨਹੀਂ ਹੋ ਸਕੀ। ਬਿਜਲੀ ਵਿਭਾਗ ਵੱਲੋਂ ਟੀਐਸਪੀਐਲ ਨੂੰ ਯੂਨਿਟ ਨੰ. 3 ਦੀ ਛੇਤੀ ਤੋਂ ਛੇਤੀ ਬਿਜਲੀ ਸਪਲਾਈ ਸ਼ੁਰੂ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।