Punjab Agro will connect : ਚੰਡੀਗੜ੍ਹ : ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ (ਪੈਗਰੇਕਸਕੋ) ਵੱਲੋਂ ਇੱਕ ਹਫਤਾਵਾਰੀ ਟੀਵੀ ਸ਼ੋਅ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂਜੋ ਸੂਬੇ ਦੇ ਕਿਸਾਨਾਂ ਨਾਲ ਵੱਧ ਤੋਂ ਵੱਧ ਜੁੜਿਆ ਜਾ ਸਕੇ। ਇਹ ਸ਼ੋਅ ਦੂਰਦਰਸ਼ਨ ਜਲੰਧਰ ਅਤੇ ਡੀ.ਡੀ ਪੰਜਾਬੀ ਉੱਤੇ ਹਰ ਸ਼ਨੀਵਾਰ ਸ਼ਾਮ 5.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦਾ ਨਾਂ ‘ਫਾਈਵ ਰਿਵਰਜ਼’ ਰਖਿਆ ਗਿਆ ਹੈ ਅਤੇ ਇਹ ਸ਼ੋਅ 23 ਮਿੰਟਾਂ ਦਾ ਹੋਵੇਗਾ। ਇਸ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ. ਏ. ਯੂ) ਲੁਧਿਆਣਾ, ਖੇਤੀਬਾੜੀ ਵਿਭਾਗ ਪੰਜਾਬ ਦੇ ਮਾਹਿਰਾਂ ਅਤੇ ਪੰਜਾਬ ਐਗਰੋ ਦੇ ਸਬੰਧਤ ਅਧਿਕਾਰੀਆਂ ਵੱਲੋਂ ਚੱਲ ਰਹੇ ਵਿਸ਼ਿਆਂ ਸਬੰਧੀ ਵਿਚਾਰ- ਵਟਾਂਦਰਾ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਸ ਸ਼ੋਅ ਦੀ ਮੇਜ਼ਬਾਨੀ ਅਤੇ ਨਿਰਦੇਸ਼ਨ ਲਈ ਸਾਬਕਾ ਏ. ਐਮ. ਡੀ ਮਾਰਕਫੈਡ ਅਤੇ ਉੱਘੇ ਟੈਲੀਵੀਜਨ ਅਤੇ ਫਿਲਮ ਕਲਾਕਾਰ ਬਾਲ ਮੁਕੰਦ ਸ਼ਰਮਾ ਵੱਲੋਂ ਕੀਤੀ ਜਾਵੇਗੀ। ਇਸ ਦੀ ਸਕ੍ਰਿਪਟ ਡਾ. ਰਣਜੀਤ ਸਿੰਘ ਤੰਬਰ ਸਾਬਕਾ ਮੁਖੀ ਐਕਸਟੈਂਸ਼ਨ ਐਜੂਕੇਸ਼ਨ ਵਿਭਾਗ, ਪੀਏਯੂ ਨੇ ਵੱਲੋਂ ਹਰ ਹਫਤੇ ਲਿਖੀ ਜਾਵੇਗੀ। ਇਸ ਮੌਕੇ ਕਿਸਾਨਾਂ ਅਤੇ ਖਪਤਕਾਰ ਨੂੰ ਸਿਧੇ ਜੋੜਨ ਲਈ ਪੈਗਰੇਕਸਕੋ ਵੱਲੋਂ ਤਿਆਰ ਇੱਕ ਐਪ ਵੀ ਲਾਂਚ ਕੀਤੀ ਗਈ ਹੈ। ਇਹ ਸ਼ੋਅ ਅਤੇ ਯੂ- ਟਿਊਬ ਚੈਨਲ ਤਕਨੀਕੀ ਤੌਰ `ਤੇ ਇੱਕ ਪ੍ਰਸਿੱਧ ਟੀਵੀ ਨਿਰਮਾਤਾ ਜਸਵਿੰਦਰ ਸਿੰਘ ਜੱਸੀ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ।
ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ ਦੇ ਮੁੱਖ ਦਫਤਰ ਵਿਖੇ ਹੋਏ ਇੱਕ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ (ਪੈਗਰੇਕਸਕੇ) ਰਵਿੰਦਰ ਪਾਲ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ ਕਿ ਕਿਸਾਨਾ ਦੇ ਉਤਪਾਦਾਂ ਦੀ “ਅੰਬਰੇਲਾ” ਬਰਾਡ ਹੇਠ ਬਰੈਡਿੰਗ ਕੀਤੀ ਜਾਵੇਗੀ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਸ਼ੋਅ ਰਾਹੀਂ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਥੇ ਤੁਹਾਨੂੰ ਦੱਸਣਯੋਗ ਹੈ ਕਿ ਇਸ ਵਿੱਚ ਪ੍ਰਗਤੀਸ਼ੀਲ ਕਿਸਾਨਾਂ ਦੀਆਂ ਸਫਤਲਤਾਵਾਂ ਦੀਆ ਕਹਾਣੀਆਂ ਸਬੰਧੀ ਕਿਸਾਨਾਂ ਦੀ ਇੰਟਰਵਿਊ ਉਨ੍ਹਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ ਅਤੇ ਪ੍ਰੋਗਰਾਮ ਦੇ ਆਖਰੀ ਭਾਗ ਵਿੱਚ ਕਿਸਾਨਾ ਵੱਲੋ ਉਸ ਹਫ਼ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ। ਸ਼ੋਅ ਵਿੱਚ ਵਿਸ਼ੇਸ਼ ਤੌਰ ਤੇ ਕਿੰਨੂ, ਆਲੂ, ਕਨੋਲਾ, ਗਾਜਰ ਅਤੇ ਜੈਵਿਕ ਉਦਪਾਦਾਂ ਦੇ ਮੰਡੀਕਰਨ
ਤੇ ਚਰਚਾ ਕੀਤੀ ਜਾਵੇਗੀ।