Punjab DGP expresses : ਚੰਡੀਗੜ੍ਹ : ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਨੇ ਡਿਪਟੀ ਸੁਪਰਡੈਂਟ (ਪੁਲਿਸ) ਸ਼ਾਹਕੋਟ ਵਰਿੰਦਰਪਾਲ ਸਿੰਘ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ, ਜਿਨ੍ਹਾਂ ਨੇ ਐਤਵਾਰ ਨੂੰ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਸ ਦੌਰਾਨ, ਡੀਜੀਪੀ ਨੇ ਸਾਰੇ ਸਾਥੀ ਪੁਲਿਸ ਅਧਿਕਾਰੀਆਂ ਨੂੰ ਆਪਣੇ ਅਤੇ ਹੋਰਨਾਂ ਦੀ ਰੱਖਿਆ ਲਈ ਕੋਰੋਨਾ ਹਿਦਾਇਤਾਂ ਦੀ ਪਾਲਣਾ ਕਰਨ ਅਤੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।
ਡੀਜੀਪੀ ਨੇ ਟਵੀਟ ਕੀਤਾ ਕਿ “ਸਾਡੇ ਸਾਰੇ ਸਾਥੀ ਵਰਿੰਦਰਪਾਲ ਸਿੰਘ ਡੀਐਸਪੀ ਸ਼ਾਹਕੋਟ ਦੀ ਮੌਤ ’ਤੇ ਬਹੁਤ ਦੁਖੀ ਹਨ, ਜੋ ਇੱਕ ਮਹੀਨੇ ਦੀ ਲੜਾਈ ਤੋਂ ਬਾਅਦ ਕੋਰੋਨਾ ਕਰਕੇ ਦਮ ਤੋੜ ਗਏ। ਅਸੀਂ ਏਐਸਆਈ ਨਾਇਬ ਸਿੰਘ, ਏਐਸਆਈ ਸਰਬਜੀਤ ਸਿੰਘ ਅਤੇ ਏਐਸਆਈ ਜੋਗਿੰਦਰ ਰਾਮ ਨੂੰ ਵੀ ਹਾਲ ਹੀ ਵਿੱਚ ਕੋਰੋਨਾ ਕਾਰਨ ਗੁਆ ਦਿੱਤਾ। ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਡੀਜੀਪੀ ਗੁਪਤਾ ਨੇ ਅਕਾਲ ਪੁਰਖ ਨੂੰ ਅਰਦਾਸ ਕੀਤੀ ਕਿ ਉਹ ਇਸ ਅਣਸੁਖਾਵੇਂ ਘਾਟੇ ਨੂੰ ਸਹਿਣ ਕਰਨ ਦਾ ਬਲ ਅਤੇ ਵਿਛੜੀ ਰੂਹ ਨੂੰ ਸਦੀਵੀ ਸ਼ਾਂਤੀ ਬਖਸ਼ਣ।
ਉਨ੍ਹਾਂ ਦੱਸਿਆ ਕਿ ਕੁੱਲ 6386 ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਜਿਨ੍ਹਾਂ ਵਿਚੋਂ 6135 ਸਫਲਤਾਪੂਰਵਕ ਠੀਕ ਹੋਏ ਹਨ, ਜਦੋਂ ਕਿ 195 ਪੰਜਾਬ ਪੁਲਿਸ ਦੇ ਮੁਲਾਜ਼ਮ ਇਸ ਵੇਲੇ ਕੋਰੋਨਾ ਪਾਜ਼ੀਟਿਵ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬਦਕਿਸਮਤੀ ਨਾਲ, ਪੰਜਾਬ ਪੁਲਿਸ ਦੇ ਛੇ ਪੰਜਾਬ ਹੋਮ ਗਾਰਡ ਦੇ ਜਵਾਨਾਂ ਸਮੇਤ 56 ਪੁਲਿਸ ਮੁਲਾਜ਼ਮ ਕੋਰੋਨਾ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।