Punjab Girl reached at Kundali Border : ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਅੱਜ 21 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧ ਦੀ ਤਾਂ ਗੱਲ ਕਰਦੀ ਹੈ ਪਰ ਇਸ ਨੂੰ ਰੱਦ ਨਾ ਕਰਨ ‘ਤੇ ਅੜੀ ਹੋਈ ਹੈ ਉਥੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਹ ਕਾਨੂੰਨ ਰੱਦ ਹੋਣ ‘ਤੇ ਹੀ ਅੰਦੋਲਨ ਖਤਮ ਕਰਨਗੇ। ਕਿਸਾਨਾਂ ਦੇ ਇਸ ਅੰਦੋਲਨ ਨੂੰ ਦੇਸ਼ ਤੋਂ ਤਾਂ ਪੂਰਾ ਸਮਰਥਨ ਮਿਲ ਰਿਹਾ ਹੈ ਉਥੇ ਹੀ ਬਾਹਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਕਿਸਾਨਾਂ ਦੇ ਸਮਰਥਨ ਵਿੱਚ ਅੱਜ ਪੰਜਾਬ ਦੀ ਇੱਕ ਧੀ ਨਿਊਜ਼ੀਲੈਂਡ ਤੋਂ ਸਿੱਧੀ ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਅੰਦੋਲਨ ਵਿੱਚ ਹਿੱਸਾ ਲੈਣ ਪਹੁੰਚੀ, ਜਿਸ ਨੇ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਲਾਗੂ ਕਰਨ ਦੇ ਫੈਸਲੇ ਦੀ ਨਿੰਦਾ ਕਰਦਿਆਂ ਬਾਹਰ ਵੱਸਦੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਵੀ ਇਨ੍ਹਾਂ ਕਾਨੂੰਨਾਂ ਨੂੰ ਪੜ੍ਹਣ ਅਤੇ ਅਸਲੀਅਤ ਜਾਣਨ।
ਜਲੰਧਰ ਜ਼ਿਲ੍ਹੇ ਦੇ ਆਦਮਪੁਰ ਦੇ ਪਿੰਡ ਮਸਾਣੀਆਂ ਦੀ ਰਹਿਣ ਵਾਲੀ ਲਵਲੀਨ ਕੌਰ ਪਿਛਲੇ 15 ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੀ ਹੈ ਜਿਸ ਦੀ ਅੱਜ ਸਵੇਰੇ ਹੀ ਫਲਾਈਟ ਰਾਹੀਂ ਦਿੱਲੀ ਏਅਰਪੋਰਟ ‘ਤੇ ਪਹੁੰਚੀ ਅਤੇ ਸਿੱਧਾ ਹੀ ਕੁੰਡਲੀ ਬਾਰਡਰ ‘ਤੇ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਪਹੁੰਚ ਗਈ। ਉਸ ਨੇ ਦੱਸਿਆ ਕਿ ਉਸ ਨੇ ਇਹ ਬਿੱਲਾਂ ਨੂੰ ਪੜ੍ਹਿਆ ਜਿਸ ਤੋਂ ਲੱਗਦਾ ਹੈ ਕਿ ਇਨ੍ਹਾਂ ਵਿੱਚ ਕਾਫੀ ਖਾਮੀਆਂ ਹਨ। ਮੋਦੀ ਸਰਕਾਰ ਦੀ ਇਸ ਗੱਲ ‘ਤੇ ਨਿੰਦਾ ਕੀਤੀ ਕਿ ਕਿਸਾਨਾਂ ਲਈ ਬਣਾਏ ਗਏ ਕਾਨੂੰਨਾਂ ‘ਤੇ ਹੀ ਉਨ੍ਹਾਂ ਦੀ ਸਲਾਹ ਨੂੰ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਹੈ। ਜੇਕਰ ਕਿਸਾਨ ਹੀ ਇਸ ਨਾਲ ਸਹਿਮਤ ਨਹੀਂ ਹਨ ਤਾਂ ਸਰਕਾਰ ਨੂੰ ਕਾਨੂੰਨ ਲਾਗੂ ਨਹੀਂ ਕਰਨੇ ਚਾਹੀਦੇਯ।
ਫਿਰ ਵੀ ਜੇ ਸਰਕਾਰ ਇਸ ਨੂੰ ਸਹੀ ਮੰਨਦੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ ਇਸ ਦੇ ਲਈ ਪਹਿਲਾਂ ਟ੍ਰਾਇਲ ਦੇ ਆਧਾਰ ‘ਤੇ ਇਸ ਨੂੰ ਲਾਗੂ ਕਰਨਾ ਚਾਹੀਦਾ ਸੀ ਅਤੇ ਜੇਕਰ ਕਿਸਾਨਾਂ ਨੂੰ ਸਹੀ ਲੱਗਦਾ ਤਾਂ ਹੀ ਇਨ੍ਹਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਸੀ। ਉਸ ਨੇ ਆਪਣਏ ਬਾਹਰ ਵੱਸਦੇ ਉਨ੍ਹਾਂ ਪੰਜਾਬੀ ਭੈਣ-ਭਰਾਵਾਂ ਨੂੰ ਇਨ੍ਹਾਂ ਕਾਨੂੰਨਾਂ ਨੂੰ ਪੜ੍ਹਣ ਦੀ ਅਪੀਲ ਕੀਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਕਿਸਾਨਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ ਹੈ ਇਸ ਲਈ ਉਹ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ। ਉਸ ਨੇ ਕਿਹਾ ਕਿ ਉਸ ਨੇ ਇਹ ਕਾਨੂੰਨ ਪੜ੍ਹ ਕੇ ਦੇਖਿਆ ਹੈ ਕਿ ਕਿਸਾਨਾਂ ਦਾ ਡਰ ਸਹੀ ਹੈ।