Punjab Government Involved : ਚੰਡੀਗੜ੍ਹ : ਪੰਜਾਬ ਵਿਚ ਲੋਕਲ ਬਾਡੀ ਚੋਣਾਂ ਫਰਵਰੀ ਦੇ ਅੱਧ ਵਿਚ ਹੋਣ ਦੀ ਸੰਭਾਵਨਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦੀ ਕਮਾਨ ਸੰਭਾਲ ਲਈ ਹੈ। ਸੋਮਵਾਰ ਨੂੰ ਕੈਪਟਨ ਨੇ ਨਿਗਮ ਚੋਣਾਂ ਦੀਆਂ ਤਿਆਰੀਆਂ ਸਬੰਧੀ ਕੈਬਨਿਟ ਮੰਤਰੀਆਂ ਨੂੰ ਲੰਚ ਕਰਵਾਇਆ ਅਤੇ ਇਸ ਦੌਰਾਨ ਬਾਡੀ ਚੋਣਾਂ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਕੀਤੀ ਗਈ। ਅਕਤੂਬਰ ਵਿੱਚ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੰਤਰੀਆਂ ਨਾਲ ਸਿੱਧੇ ਤੌਰ ’ਤੇ ਮਿਲੇ ਸਨ।
ਲੰਚ ਦੌਰਾਨ ਹੋਈ ਬੈਠਕ ਦਾ ਮੁੱਖ ਉਦੇਸ਼ ਮਿਉਂਸਪਲ ਚੋਣਾਂ, ਵਿਕਾਸ ਕਾਰਜਾਂ ਦੀ ਸਮੀਖਿਆ ਅਤੇ ਕਿਸਾਨੀ ਅੰਦੋਲਨ ਦੇ ਰਾਜਨੀਤਿਕ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰੇ ਕਰਨਾ ਸੀ। ਕੈਬਨਿਟ ਦੇ ਸਾਰੇ ਮੰਤਰੀ ਫਰਵਰੀ ਦੇ ਅੱਧ ਤੱਕ ਚੋਣਾਂ ਹੋਣ ਨੂੰ ਲੈ ਕੇ ਆਸਵੰਦ ਸਨ। ਲੋਕਲ ਬਾਡੀਜ਼ ਵਿਭਾਗ ਨੇ ਰਾਜ ਚੋਣ ਕਮਿਸ਼ਨ ਨੂੰ 13 ਫਰਵਰੀ ਤੱਕ ਚੋਣਾਂ ਕਰਵਾਉਣ ਲਈ ਕਿਹਾ ਹੈ। ਮੀਟਿੰਗ ਵਿੱਚ ਕੈਪਟਨ ਨੇ ਮੰਤਰੀਆਂ ਨੂੰ ਹਿਦਾਇਤ ਕੀਤੀ ਕਿ ਸ਼ਹਿਰੀ ਖੇਤਰਾਂ ਵਿੱਚ ਵਿਕਾਸ ਕਾਰਜਾਂ ਲਈ ਟੈਂਡਰ ਜਲਦੀ ਲਗਵਾ ਦਿੱਤੇ ਜਾਣ। ਦੱਸਿਆ ਗਿਆ ਹੈ ਕਿ ਸਰਕਾਰ ਵੱਧ ਤੋਂ ਵੱਧ ਵਿਕਾਸ ਕਾਰਜਾਂ ਨੂੰ ਪੂਰਾ ਕਰਕੇ ਚੋਣ ਮੈਦਾਨ ਵਿਚ ਉਤਰਨਾ ਚਾਹੁੰਦੀ ਹੈ। ਕਾਂਗਰਸ ਇਹ ਮੰਨ ਰਹੀ ਹੈ ਕਿ ਆਉਣ ਵਾਲੀਆਂ ਨਿਗਮ ਚੋਣਾਂ ਚੁਣੌਤੀ ਤੋਂ ਘੱਟ ਨਹੀਂ ਹਨ। ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਸਾਰੇ 16 ਮੰਤਰੀ ਵੀ ਮੌਜੂਦ ਸਨ।
ਬੈਠਕ ਦੀ ਖਾਸ ਗੱਲ ਇਹ ਰਹੀ ਕਿ ਕਾਂਗਰਸ ਆਉਣ ਵਾਲੇ ਦਿਨਾਂ ਵਿਚ ਕੁਝ ਰੈਲੀਆਂ ਕਰਨ ਦੀ ਯੋਜਨਾ ਬਣਾ ਰਹੀ ਸੀ, ਪਰ ਮੰਥਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕਿਸਾਨ ਅੰਦੋਲਨ ਕਾਰਨ ਕਾਂਗਰਸ ਫਿਲਹਾਲ ਕੋਈ ਰਾਜਨੀਤਿਕ ਰੈਲੀ ਨਹੀਂ ਕਰੇਗੀ। ਰੈਲੀਆਂ ਨਾਲ ਕਿਸਾਨਾਂ ਨੂੰ ਗਲਤ ਸੰਦੇਸ਼ ਜਾ ਸਕਦਾ ਹੈ। ਕਿਸਾਨ ਜਥੇਬੰਦੀਆਂ ਇਹ ਮੰਨਣਾ ਸ਼ੁਰੂ ਕਰਦੀਆਂ ਹਨ ਕਿ ਰਾਜਨੀਤਿਕ ਪਾਰਟੀਆਂ ਉਨ੍ਹਾਂ ਦੇ ਅੰਦੋਲਨ ਨੂੰ ਤੋੜਨ ਲਈ ਰੈਲੀਆਂ ਕਰ ਰਹੀਆਂ ਹਨ।