Punjab Government issues : ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਸ ਮੁਤਾਬਕ ਸਾਰੇ ਸਕੂਲ ਕਾਲਜ 31 ਮਾਰਚ ਤੱਕ ਬੰਦ ਰਹਿਣਗੇ ਰ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਸਾਰੇ ਕੰਮ ਵਾਲੇ ਦਿਨ ਹਾਜ਼ਰ ਰਹਿਣਗੇ। ਮੈਡੀਕਲ ਤੇ ਨਰਸਿੰਗ ਕਾਲਜ ਵੀ ਖੁੱਲ੍ਹੇ ਰਹਿਣਗੇ। ਸਿਨੇਮਾ ਹਾਲ, ਥਿਏਟਰ, ਮਲਟੀਪਲੈਕਸ ’ਤੇ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ ਅਤੇ ਇਕ ਵਾਰ ਵਿੱਚ 100 ਤੋਂ ਵੱਧ ਵਿਅਕਤੀਆਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਵਿਡ ਕਰਕੇ ਜਾਨ ਗੁਆਉਣ ਵਾਲੇ ਲੋਕਾਂ ਲਈ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਇੱਕ ਘੰਟੇ ਦਾ ਮੌਨ ਰਖਿਆ ਜਾਵੇਗਾ, ਇਸ ਦੌਰਾਨ ਕੋਈ ਵੀ ਵਾਹਨ ਨਹੀਂ ਚੱਲੇਗਾ।
ਪੰਜਾਬ ਦੇ 11 ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਅੰਮ੍ਰਿਤਸਰ, ਮੋਗਾ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਨਵਾਂਸ਼ਹਿਰ ਵਿੱਚ ਵਾਧੂ ਪਾਬੰਦੀਆਂ ਲਗਾਈਆਂ ਜਾਣਗੀਆਂ। ਇਨ੍ਹਾਂ ਜ਼ਿਲ੍ਹਿਆਂ ਵਿੱਚ ਤੁਰੰਤ ਪ੍ਰਭਾਵ ਨਾਲ ਰਾਤ 9 ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਰਹੇਗਾ, ਜਿਨ੍ਹਾਂ ਵਿੱਚ ਰੇਲ ਗੱਡੀ, ਬੱਸਾਂ, ਹਵਾਈ ਜਹਾਜ਼ਾਂ ਤੋਂ ਸਫਰ ਕਰਨ ਵਾਲੇ ਮੁਸਾਫਰਾਂ, ਜ਼ਰੂਰੀ ਸੇਵਾਵਾਂ ਆਦਿ ਨੂੰ ਛੋਟ ਹੋਵੇਗੀ। ਇਸ ਦੌਰਾਨ ਕੋਈ ਵੀ ਸਮਾਜਿਕ, ਕਲਚਰਲ ਜਾਂ ਸਿਆਸੀ ਇਕੱਠ ਨਹੀਂ ਕੀਤਾ ਜਾਵੇਗਾ। ਵਿਆਹਾਂ ਸੰਬੰਧੀ ਸਮਾਗਮਾਂ ਅਤੇ ਭੋਗ ਤੇ ਅੰਤਿਮ ਸਸਕਾਰ ਵਿੱਚ 20 ਲੋਕ ਹੀ ਸ਼ਾਮਲ ਹੋ ਸਕਣਗੇ। ਸਾਰੇ ਸਰਕਾਰੀ ਦਫਤਰਾਂ ਵਿੱਚ ਸ਼ਿਕਾਇਤਾਂ ਦੇ ਨਿਪਟਾਰੇ ਆਨਲਾਈਨ ਕੀਤੇ ਜਾਣਗੇ। ਪਬਲਿਕ ਡੀਲਿੰਗ ਬਹੁਤ ਜ਼ਰੂਰੀ ਹੋਣ ‘ਤੇ ਅਤੇ ਘੱਟ ਤੋਂ ਘੱਟ ਕੀਤੀ ਜਾਵੇਗੀ। ਸਿਨੇਮਾ, ਮਲਟੀਪਲੈਕਸ, ਰੈਸਟੋਰੈਂਟ, ਮਾਲਸ ਆਦਿ ਹਰ ਐਤਵਾਰ ਬੰਦ ਰਹਿਣਗੇ। ਹਾਲਾਂਕਿ ਨਾਈਟ ਕਰਫਿਊ ਤੋਂ ਇਲਾਵਾ ਹੋਮ ਡਿਲਵਰੀ ਹਰ ਸਮੇਂ ਕਰਵਾਈ ਜਾ ਸਕਦੀ ਹੈ।
ਪੰਜਾਬ ਸਰਾਕਰ ਨੇ ਲੋਕਾਂ ਨੂੰ ਅਗਲੇ ਦੋ ਹਫਤਿਆਂ ਲਈ ਘਰਾਂ ਵਿੱਚ ਵੀ ਘੱਟ ਤੋਂ ਘੱਟ ਸਮਾਜਿਕ ਸਰਗਰਮੀਆਂ ਚਲਾਉਣ ਲਈ ਕਿਹਾ, ਤਾਂਜੋ ਕੋਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ। ਸਿਆਸੀ ਪਾਰਟੀਆਂ ਤੇ ਆਗੂਆਂ ਨੂੰ 50 ਫੀਸਦੀ ਸਮਰੱਥਾ ਨਾਲ ਇਕੱਠ ਕਰਨ ਲਈ ਕਿਹਾ ਗਿਆ ਹੈ, ਜਿਸ ਵਿੱਚ ਇਨਡੋਰ 100 ਤੇ ਖੁੱਲ੍ਹੇ ਵਿੱਚ 200 ਤੱਕ ਦੀ ਹਿਦਾਇਤ ਦਿੱਤੀ ਗਈ ਹੈ। ਪੁਲਿਸ ਨੂੰ ਜਨਤਕ ਇਲਾਕਿਆਂ, ਸੜਕਾਂ, ਗਲੀਆਂ ਵਿੱਚ ਬਿਨਾਂ ਮਾਸਕ ਘੁੰਮ ਰਹੇ ਲੋਕਾਂ ਦੇ ਕੋਰੋਨਾ ਟੈਸਟ ਕਰਵਾਉਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਅਥਾਰਿਟੀਆਂ ਨੂੰ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ 2 ਗਜ਼ ਦੀ ਦੂਰੀ, ਬਾਜ਼ਾਰਾਂ ਵਿੱਚ ਭੀੜ ਘਟਾਉਣ, ਕੋਰੋਨਾ ਪ੍ਰੋਟੋਕਾਲ ਦੀਆਂ ਪਾਲਣਾ ਨਾ ਕਰਨ ਵਾਲਿਆਂ ਜਿਵੇਂਕਿ ਮਾਸਕ ਨਾ ਪਹਿਨਣ, ਜਨਤਕ ਥਾਵਾਂ ‘ਤੇ ਥੁੱਕਣ ਆਦਿ ਵਾਲਿਆਂ ਲਈ ਸਖਤੀ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।