Punjab Govt fixed rates : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਨਿੱਜੀ ਹਸਪਤਾਲਾਂ ਵੱਲੋਂ ਇਸ ਦੇ ਇਲਾਜ ਲਈ ਭਾਰੀ ਫੀਸ ਵਸੂਲਣ ਦੇ ਚੱਲਦਿਆਂ ਹਸਪਤਾਲਾਂ ਵਿਚ ਇਸ ਮੁਨਾਫਾਖੋਰੀ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ, ਜਿਸ ਮੁਤਾਬਕ ਇਨ੍ਹਾਂ ਹਸਪਤਾਲ ਵਿਚ ਕੋਵਿਡ-19 ਦੇ ਲਈ ਦਰਾਂ ਤੈਅ ਕੀਤੀਆਂ ਗਈਆਂ ਹਨ, ਜਿਸ ਵਿਚ ਪ੍ਰਾਈਵੇਟ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਲਈ ਤੈਅ ਕੀਤੇ ਗਏ ਰੇਟਾਂ ਵਿਚ ਹਸਪਤਾਲ ਵਿਚ ਦਾਖਲ ਕੀਤੇ ਜਾਣ, ਆਈਸੋਲੇਸ਼ਨ ਬੈੱਡ, ਆਈਸੀਯੂ ਇਲਾਜ ਅਤੇ ਹਸਪਤਾਲ ਵਿਚ ਦਾਖਲ ਕੀਤੇ ਜਾਣ ਦਾ ਖਰਚਾ ਸ਼ਾਮਲ ਹੈ।
ਡਾ. ਕੇ. ਕੇ. ਤਲਵਾੜ ਦੀ ਕਮੇਟੀ ਵੱਲੋਂ ਤੈਅ ਕੀਤੇ ਗਏ ਰੇਟਾਂ ਮੁਤਾਬਕ ਸਾਰੇ ਪ੍ਰਾਈਵੇਟ ਮੈਡੀਕਲ ਕਾਲਜਾਂ / ਐੱਨ.ਏ.ਬੀ.ਐੱਚ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਹੋਣ ’ਤੇ ਦਰਮਿਆਨੀ ਬੀਮਾਰੀ ਲਈ ਜ਼ਰੂਰੀ ਆਈਸੋਲੇਸ਼ਨ ਬੈੱਡਾਂ ਸਣੇ ਆਕਸੀਜਨ ਦੀ ਸਹੂਲਤ ਅਤੇ ਦੇਖਭਾਲ ਲਈ 10,000 ਰੁਪਏ ਪ੍ਰਤੀ ਦਿਨ, ਐਨ.ਏ.ਬੀਐਚ. ਮਾਨਤਾ ਪ੍ਰਾਪਤ ਹਸਪਤਾਲਾਂ (ਪ੍ਰਾਈਵੇਟ ਮੈਡੀਕਲ ਕਾਲਜਾਂ ਸਮੇਤ ਬਿਨਾਂ ਪੀ ਜੀ / ਡੀ ਐਨ ਬੀ ਕੋਰਸ) ਦੇ 9000 ਰੁਪਏ ਅਤੇ ਨਾਨ-ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲਾਂ ਲਈ 8000 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਲਏ ਜਾਣਗੇ।
ਇਸ ਤੋਂ ਇਲਾਵਾ ਗੰਭੀਰ ਬਿਮਾਰੀ ਜਿਸ ਵਿਚ ਬਿਨਾਂ ਵੈਂਟੀਲੇਟਰ ਦੇ ਆਈਸੀਯੂ ਦੀ ਸਹੂਲਤ ਸ਼ਾਮਲ ਹੈ, ਲਈ ਹਸਪਤਾਲਾਂ ਦੀਆਂ ਇਨ੍ਹਾਂ ਸ਼੍ਰੇਣੀਆਂ ਦੀਆਂ ਦਰਾਂ ਕ੍ਰਮਵਾਰ, 15000 ਰੁਪਏ, 14000 ਅਤੇ 13000 ਰੁਪਏ, ਜਦੋਂ ਕਿ ਬਹੁਤ ਗੰਭੀਰ ਜਾਂ ਗੰਭੀਰ ਮਰੀਜ਼ਾਂ ਲਈ, ਇਹ ਕ੍ਰਮਵਾਰ 18000, 16500 ਅਤੇ 15000 ਰੁਪਏ ਤੈਅ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਹ ਰੇਟ ਪੀਪੀਈ ਖਰਚੇ ਸਮੇਤ ਹਨ। ਮਾਮੂਲੀ ਬੀਮਾਰੀ ਵਾਲੇ ਮਾਮਲਿਆਂ ਲਈ ਪ੍ਰਤੀ ਦਿਨ ਹਸਪਤਾਲ ਵਿਚ ਦਾਖਲ ਕੀਤੇ ਜਾਣ ਲਈ ਕ੍ਰਮਵਾਰ 6500, 5500 ਅਤੇ 4500 ਰੁਪਏ ਪ੍ਰਤੀ ਦਿਨ ਤੈਅ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਕਦਮ ਪੰਜਾਬ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਵੱਲੋਂ ਵਸੂਲੀਆਂ ਜਾ ਰਹੀਆਂ ਭਾਰੀ ਫੀਸਾਂ ਦੀਆਂ ਆ ਰਹੀਆਂ ਸ਼ਿਕਾਇਤਾਂ ਦੇ ਚੱਲਦਿਆਂ ਚੁੱਕਿਆ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਸ਼ਿਕਾਇਤਾਂ ਮੁੱਖ ਮੰਤਰੀ ਨੂੰ ਨਿੱਜੀ ਤੌਰ ‘ਤੇ ਵੀ ਮਿਲੀਆਂ ਸਨ।