Punjab Govt Increases : ਚੰਡੀਗੜ੍ਹ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੂਬਾ ਵੱਡੀ ਆਰਥਿਕ ਮਾਰ ਝੱਲ ਰਿਹਾ ਹੈ। ਹੁਣ ਇਸ ਦੀ ਵਿੱਤੀ ਹਾਲਤ ਵਿਚ ਕੁਝ ਸੁਧਾਰ ਕਰਨ ਲਈ ਅਤੇ ਸੂਬੇ ਦੇ ਖਜ਼ਾਨੇ ’ਤੇ ਬੋਝ ਵਧਣ ਕਾਰਨ ਸਰਕਾਰ ਨੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ, , ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਇੰਤਕਾਲ ਫੀਸ ਵਿਚ ਵਾਧਾ ਕਰ ਦਿੱਤਾ ਗਿਆ ਹੈ ਤਾਂਜੋ ਸੂਬੇ ਦਾ ਮਾਲੀਆ ਵਧਾਇਆ ਜਾ ਸਕੇ। ਦੱਸਣਯੋਗ ਹੈ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਬੈਠਕ ਵਿਚ ਇੰਤਕਾਲ ਫੀਸ ਨੂੰ 300 ਰੁਪਏ ਤੋਂ ਵਧਾ ਕੇ 600 ਰੁਪਏ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮਾਲ ਵਿਭਾਗ ਨੂੰ ਜ਼ਮੀਨ ਮਾਲਕਾਂ ਦੇ ਹਿੱਤ ਵਿੱਚ ਸਾਰੇ ਬਕਾਇਆ ਇੰਤਕਾਲ ਨਿਪਟਾਉਣ ਲਈ ਵਿਸ਼ੇਸ਼ ਮੁਹਿੰਮ ਵੀ ਚਲਾਉਣ ਦੀਆਂ ਵੀ ਹਿਦਾਇਤਾਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਇਸ ਸਬੰਧੀ ਹੋ ਰਹੀ ਦੇਰੀ ਨੂੰ ਰੋਕਣ ਲਈ ਮਾਲ ਵਿਭਾਗ ਨੂੰ ਇੰਤਕਾਲ ਫੀਸ ਵਸੂਲਣ ਅਤੇ ਜ਼ਮੀਨ ਦੀ ਰਜਿਸਟਰੀ ਮੌਕੇ ਇੰਤਕਾਲ ਲਈ ਦਸਤਾਵੇਜ਼ਾਂ ਨੂੰ ਛੇਤੀ ਮੁੰਕਮਲ ਕਰਨ ‘ਤੇ ਵਿਚਾਰ ਕਰਨ ਲਈ ਵੀ ਕਿਹਾ ਹੈ। ਕੈਪਟਨ ਨੇ ਪਿਛਲੇ ਕਈ ਸਾਲਾਂ ਤੋਂ ਬਕਾਏ ਇੰਤਕਾਲਾਂ ਸਬੰਧੀ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ (ਮਾਲ) ਨੂੰ ਜਲਦ ਹੀ ਵਿਚਾਰ ਕਰਨ ਅਤੇ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਲਈ ਕਿਹਾ। ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨਾਲ ਸੂਬੇ ਦੇ ਖਜ਼ਾਨੇ ਨੂੰ ਲਗਭਗ 10 ਕਰੋੜ ਰੁਪਏ ਦੀ ਮਾਲੀ ਮਦਦ ਮਿਲੇਗੀ। ਦੱਸਣਯੋਗ ਹੈ ਕਿ ਇੰਤਕਾਲ ਫੀਸ ਪਿਛਲੀ ਵਾਰ ਅਕਤੂਬਰ, 2012 ਵਿੱਚ ਵਧਾਈ ਗਈ ਸੀ ਜੋ 150 ਰੁਪਏ ਤੋਂ ਵਧਾ ਕੇ 300 ਰੁਪਏ ਕੀਤੀ ਗਈ ਸੀ। ਸੂਬਾ ਸਰਕਾਰ ਵੱਲੋਂ ਪਿਛਲੇ ਅੱਠ ਸਾਲਾਂ ਦੇ ਬਾਅਦ ਇੰਤਕਾਲ ਫੀਸ ਵਿਚ ਵਾਧਾ ਕੀਤਾ ਗਿਆ ਹੈ।