Punjab Govt is now preparing to open : ਕੋਵਿਡ-19 ਸੰਕਟ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਤੈਅ ਸ਼ਰਤਾਂ ਨਾਲ ਮੈਰਿਜ ਪੈਲੇਸ, ਰੈਸਟੋਰੈਂਟ ਅਤੇ ਵੱਡੇ ਹੋਟਲ ਖੋਲ੍ਹਣ ਬਾਰੇ ਵੀ ਵਿਚਾਰ-ਵਿਟਾਂਦਰਾ ਕੀਤਾ ਜਾ ਰਿਹਾ ਹੈ, ਜਿਸ ਵਿਚ ਮੈਰਿਜ ਪੈਲੇਸ ਆਦਿ ਖੋਲ੍ਹਣ ’ਤੇ ਉਸ ਵਿਚ ਕਿੰਨੇ ਲੋਕਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਅਤੇ ਰੈਸਟੋਰੈਂਟਾਂ ਵਿਚ ਉਨ੍ਹਾਂ ਦੇ ਬੈਠਣ ਦੀ ਸਮਰੱਥਾ ਦੇ ਹਿਸਾਬ ਨਾਲ ਕਿਵੇਂ ਕਦਮ ਚੁੱਕੇ ਜਾਣਗੇ, ਸਭ ਤੱਥਾਂ ’ਤੇ ਗੌਰ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਸਰਕਾਰ ਅਜੇ ਮੈਰਿਜ ਪੈਲੇਸਾਂ ਨੂੰ ਖੋਲ੍ਹਣ ਤੋਂ ਪਹਿਲਾਂ ਇਨ੍ਹਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡੇਗੀ, ਜਿਸ ਮੁਤਾਬਕ ਸਭ ਤੋਂ ਛੋਟੇ ਮੈਰਿਜ ਪੈਲੇਸਾਂ ਵਿਚ 50, ਉਸ ਤੋਂ ਵੱਡੇ ਮੈਰਿਜ ਪੈਲੇਸਾਂ ’ਚ 150 ਅਤੇ ਬਹੁਤੀ ਸਮਰੱਥਾ ਵਾਲੇ ਮੈਰਿਜ ਪੈਲੇਸਾਂ ਵਿਚ 200 ਲੋਕਾਂ ਤੱਕ ਦੇ ਜਾਣ ਨੂੰ ਮਨਜ਼ੂਰੀ ਦੇਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੈਰਿਜ ਪੈਲੇਸਾਂ ਵਿਚ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰਖਣਾ ਲਾਜ਼ਮੀ ਹੋਵੇਗਾ। ਪੈਲੇਸਾਂ ਵਿਚ ਸਮਾਜਿਕ ਦੂਰੀ ਬਣਾਈ ਰਖਣ ਲਈ ਛੋਟੇ-ਛੋਟੇ ਫੂਡ ਕਾਊਂਟਰ ਖੋਲ੍ਹੇ ਜਾਣਗੇ। ਜ਼ਿਕਰਯੋਗ ਹੈ ਕਿ ਮੈਰਿਜ ਪੈਲੇਸਾਂ ਦੇ ਖੁੱਲ੍ਹਣ ਨਾਲ ਆਰਥਿਕ ਤੌਰ ’ਤੇ ਸੂਬਾ ਸਰਕਾਰ ਦੇ ਮਾਲੀਏ ਵਿਚ ਵੀ ਵਾਧਾ ਹੋਵੇਗਾ, ਜਿਸ ਦੇ ਚੱਲਦਿਆਂ ਸਰਕਾਰ ਇਨ੍ਹਾਂ ਨੂੰ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ।
ਸੂਬਾ ਸਰਕਾਰ ਵੱਲੋਂ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਖੋਲ੍ਹਣ ਨੂੰ ਲੈ ਕੇ ਵੀ ਵਿਚਾਰ-ਚਰਚਾ ਕੀਤੀ ਜਾ ਰਹੀ ਹੈ ਕਿਉਂਕਿ ਕੋਵਿਡ-19 ਕਾਰਨ ਲੱਗੇ ਇਸ ਲੌਕਡਾਊਨ ਕਾਰਨ ਇੰਡਸਟਰੀ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਲਈ ਸਰਕਾਰ ਵੱਲੋਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿਚ ਸਰਕਾਰ ਹੋਟਲਾਂ ਵਿਚ ਅੱਦੀ ਗਿਣਤੀ ਦੇ ਹਿਸਾਬ ਨਾਲ ਲੋਕਾਂ ਨੂੰ ਬਿਠਾਉਣ ਅਤੇ ਰੈਸਟੋਰੈਂਟਾਂ ਵਿਚ ਵੀ ਅਜਿਹਾ ਹੀ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਬਣਾਈ ਜਾਵੇਗੀ ਅਤੇ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਵਾਰ-ਵਾਰ ਸੈਨੇਟਾਈਜ਼ ਕਰਨਾ ਵੀ ਜ਼ਰੂਰੀ ਹੋਵੇਗਾ।