Punjab Govt started collection : ਕੋਵਿਡ-19 ਸੰਕਟ ਕਾਰਨ ਆਈ ਆਰਥਿਕ ਸਥਿਤੀ ’ਚ ਗਿਰਾਵਟ ਤੋਂ ਉਭਰਨ ਲਈ ਹੁਣ ਪੰਜਾਬ ਸਰਾਕਰ ਵੱਖ-ਵੱਖ ਵਿਭਾਗਾਂ ਤੋਂ ਬਕਾਇਆ ਵਸੂਲੀ ਕਰੇਗੀ। ਇਸ ਦੇ ਨਾਲ ਹੀ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਮੋਬਾਈਲ ਭੱਤੇ ਵਿਚ ਵੀ ਕਟੌਤੀ ਕੀਤੀ ਗਈ ਹੈ। ਹੁਣ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੀਆਂ ਪੈਂਡਿੰਗ ਪਈ ਕਰੋੜਾਂ ਦੀ ਰਕਮ ਨੂੰ ਵਸੂਲਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਸੋਮਵਾਰ ਨੂੰ ਸੂਬੇ ਦੇ ਛੇ ਜ਼ਿਲਿਆਂ ਵਿਚ ਅਸ਼ਟਾਮ ਡਿਊਟੀ ਤੇ ਰਜਿਸਟ੍ਰੇਸ਼ਨ ਦੀ ਘੱਟ ਵਸੂਲੀ ਦਾ ਹਵਾਲਾ ਦਿੰਦੇ ਹੋਏ ਮੁੱਖ ਵਿੱਤ ਸਕੱਤਰ ਕੇ.ਏ.ਪੀ. ਸਿਨ੍ਹਾ ਨੇ ਵਧੀਕ ਮੁੱਖ ਸਕੱਤਰ (ਰੈਵੇਨਿਊ) ਵਿਸ਼ਵਜੀਤ ਖੰਨਾ ਨੂੰ ਚਿੱਠੀ ਲਿਖ ਕੇ 452 ਕਰੋੜ ਰੁਪਏ ਦੀ ਵਸੂਲੀ ਕਰਨ ਲਈ ਕਿਹਾ ਹੈ। ਮੁੱਖ ਵਿੱਤ ਸਕੱਤਰ ਕੇਏਪੀ ਸਿਨਹਾ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਆਪਣੇ ਸੋਮਿਆਂ ਤੋਂ ਇਕ ਅਪ੍ਰੈਲ ਤੋਂ ਲੈ ਕੇ 20 ਜੁਲਾਈ ਤੱਕ 12,600 ਕਰੋੜ ਰੁਪਏ ਆਉਣੇ ਚਾਹੀਦੇ ਸਨ, ਪਰ ਸਿਰਫ 2200 ਕਰੋੜ ਰੁਪਏ ਹੀ ਆਏ ਹਨ। ਕੇਂਦਰ ਤੋਂ ਮਿਲਣ ਵਾਲੇ ਜੀਐਸਟੀ ਦੇ ਗੈਪ ਦਾ ਵੀ 2100 ਕਰੋੜ ਰੁਪਏ ਅਜੇ ਬਕਾਇਆ ਹੈ।
ਇਸੇ ਤਰ੍ਹਾਂ ਟਰਾਂਸਪੋਰਟ ਵਿਭਾਗ ਤੇ ਹੋਰ ਵਿਭਾਗਾਂ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ ਹਨ। ਸਰਕਾਰ ਨੇ ਮੁਲਾਜ਼ਮਾਂ ਦੇ ਮੋਬਾਈਲ ਭੱਤੇ ਵਿਚ ਵੀ ਕਟੌਤੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਤੇ ਜਾਣ ਵਾਲੇ ਮੋਬਾਈਲ ਬਿੱਲਾਂ ਦਾ ਇਸ ਵਿਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।