Punjab Govt terminates services : ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਦਰਮਿਆਨ ਹੜਤਾਲ ’ਤੇ ਗਏ ਨੈਸ਼ਨਲ ਰੂਰਲ ਹੈਲਥ ਮਿਸ਼ਨ (ਐਨਆਰਐਚਐਮ) ਦੇ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ। ਇਸ ਦੇ ਨਾਲ ਹੀ ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਖਾਲੀ ਅਸਾਮੀਆਂ ‘ਤੇ ਨਵੀਂ ਭਰਤੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਐਨਆਰਐਚਐਮ ਕਰਮਚਾਰੀ ਕਈ ਦਿਨਾਂ ਤੋਂ ਹੜਤਾਲ ‘ਤੇ ਹਨ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਰੈਗੂਲਰ ਕੀਤਾ ਜਾਵੇ। ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਦੁਆਰਾ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ 4 ਮਈ ਤੋਂ ਹੜਤਾਲ ‘ਤੇ ਬੈਠੇ ਕਰਮਚਾਰੀਆਂ ਨੂੰ ਇਸ ਨੂੰ ਖਤਮ ਕਰਨ ਲਈ ਨੋਟਿਸ ਦਿੱਤਾ ਗਿਆ ਸੀ। 8 ਮਈ ਨੂੰ ਫਿਰ ਚਿਤਾਵਨੀ ਪੱਤਰ ਜਾਰੀ ਕੀਤਾ ਗਿਆ।
ਤੀਜਾ ਪੱਤਰ 10 ਮਈ ਨੂੰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਇੱਕ ਵਾਰ ਫਿਰ ਮੁਲਾਜ਼ਮਾਂ ਨੂੰ ਸੋਮਵਾਰ ਤੋਂ ਡਿਊਟੀ ’ਤੇ ਵਾਪਸ ਆਉਣ ਦੀ ਅਪੀਲ ਕੀਤੀ ਗਈ। ਜ਼ਿਲ੍ਹਿਆਂ ਤੋਂ ਸੋਮਵਾਰ ਸ਼ਾਮ ਦੀਆਂ ਰਿਪੋਰਟਾਂ ਅਨੁਸਾਰ ਹੜਤਾਲ ਕਰ ਰਹੇ ਕਰਮਚਾਰੀ ਵਾਪਸ ਨਹੀਂ ਆਏ ਸਨ। ਇਸ ਤੋਂ ਬਾਅਦ ਕਰਮਚਾਰੀਆਂ ਦੀਆਂ ਸੇਵਾਵਾਂ ਰੱਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ।
ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਰਮਚਾਰੀਆਂ ਨੂੰ 15 ਦਿਨਾਂ ਲਈ ਖਾਲੀ ਅਸਾਮੀਆਂ ‘ਤੇ ਤਾਇਨਾਤ ਕਰਨ। ਸਟਾਫ ਨਰਸਾਂ, ਲੈਬ ਟੈਕਨੀਸ਼ੀਅਨ ਅਤੇ ਫਾਰਮਾਸਿਸਟਾਂ ਲਈ ਪ੍ਰਤੀ ਦਿਨ 1000 ਰੁਪਏ ਮਾਣ ਭੱਤਾ ਨਿਰਧਾਰਤ ਕੀਤਾ ਗਿਆ ਹੈ। ਤਿੰਨ ਦਿਨ ਕੰਮ ਕਰਨ ਤੋਂ ਬਾਅਦ ਹੀ ਮਾਣ ਭੱਤਾ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ। ਇਨ੍ਹਾਂ ਕਰਮਚਾਰੀਆਂ ਦੇ ਮਾਣ ਭੱਤੇ ਦੀ ਅਦਾਇਗੀ ਜ਼ਿਲ੍ਹਾ ਆਫ਼ਤ ਰਾਹਤ ਫੰਡ ਵਿੱਚੋਂ ਕੀਤੀ ਜਾਵੇਗੀ।