Punjab govt withdrawn decision : ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਲਈ ਇੱਕ ਰਾਹਤ ਭਰੀ ਖਬਰ ਹੈ, ਸਰਕਾਰ ਵੱਲੋ ਮੁਲਾਜ਼ਮਾਂ ਦੇ ਮੋਬਾਈਲ ਭੱਤਿਆਂ ‘ਚ ਕਟੌਤੀ ਕਰਨ ਦੇ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ। ਹੁਣ ਮੁੜ ਤੋਂ ਪੁਰਾਣੇ ਮੋਬਾਈਲ ਭੱਤੇ ਲਾਗੂ ਰਹਿਣਗੇ। ਸਰਕਾਰ ਦੇ ਵਿੱਤ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਹੁਕਮ ਦਿੱਤੇ ਗਏ ਹਨ। ਹੁਣ ਗਰੁੱਪ-ਏ ਦੇ ਮੁਲਾਜ਼ਮਾਂ ਨੂੰ 500 ਰੁਪਏ ਪ੍ਰਤੀ ਮਹੀਨਾ, ਗਰੁੱਪ-ਬੀ ਦੇ ਮੁਲਾਜ਼ਮਾਂ ਨੂੰ 300 ਰੁਪਏ, ਗਰੁੱਪ-ਸੀ ਦੇ ਮੁਲਾਜ਼ਮਾਂ ਨੂੰ 250 ਰੁਪਏ ਤੇ ਗਰੁੱਪ-ਡੀ ਦੇ ਮੁਲਾਜ਼ਮਾਂ ਨੂੰ 250 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਮਿਲੇਗਾ। ਇਹ ਹੁਕਮ 1 ਨਵੰਬਰ 2020 ਤੋਂ ਲਾਗੂ ਹੋ ਜਾਣਗੇ।
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਸਰਕਾਰ ਨੇ ਖਰਚਿਆਂ ’ਚ ਕਟੌਤੀ ਕਰਦਿਆਂ 27 ਜੁਲਾਈ 2020 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਮੋਬਾਈਲ ਭੱਤੇ ਘਟਾ ਦਿੱਤੇ ਸਨ, ਜੋਕਿ 1 ਅਗਸਤ ਤੋਂ ਲਾਗੂ ਕੀਤੇ ਗਏ ਸਨ। ਇਸ ਮੁਤਾਬਕ ਗਰੁੱਪ-ਏ ਦੇ ਮੁਲਾਜ਼ਮਾਂ ਨੂੰ 250 ਰੁਪਏ ਪ੍ਰਤੀ ਮਹੀਨਾ, ਗਰੁੱਪ-ਬੀ ਦੇ ਮੁਲਾਜ਼ਮਾਂ ਨੂੰ 175 ਰੁਪਏ, ਗਰੁੱਪ-ਸੀ ਦੇ ਮੁਲਾਜ਼ਮਾਂ ਨੂੰ 150 ਰੁਪਏ ਤੇ ਗਰੁੱਪ-ਡੀ ਦੇ ਮੁਲਾਜ਼ਮਾਂ ਨੂੰ 150 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਮਿਲਣਾ ਤੈਅ ਕੀਤਾ ਗਿਆ ਸੀ। ਇਸ ਦਾ ਸਰਕਾਰੀ ਮੁਲਾਜ਼ਮਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਸੀ। ਪਰ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਿਸ ਲੈਂਦੇ ਹੋਏ ਪਹਿਲਾਂ ਵਾਲੇ ਮੋਬਾਈਲ ਭੱਤੇ ਮੁੜ ਲਾਗੂ ਕਰ ਦਿੱਤੇ ਹਨ।