Punjab Govt would set up three : ਪੰਜਾਬ ਸਰਕਾਰ ਵੱਲੋਂ ਛੇਤੀ ਹੀ ਸੂਬੇ ਵਿਚ ਤਿੰਨ ਸੋਲਰ ਪਲਾਟਾਂ ਦੀ ਸਥਾਪਨਾ ਕੀਤੀ ਜਾਵੇਗੀ, ਜੋਕਿ ਪ੍ਰਤੀ ਸੋਲਰ ਪਲਾਂਟ 200 ਮੈਗਾਵਾਟ ਦੀ ਸਮਰੱਥਾ ਵਾਲਾ ਹੋਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੋਲਰ ਪਾਰਕਾਂ ਦੀ ਸਥਾਪਨਾ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿਚ ਕੀਤੀ ਜਾਵੇਗੀ, ਜਿਸ ਦੇ ਲਈ ਮੋਹਾਲੀ ਅਤੇ ਰੋਪੜ ਦੇ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨ ਦੀ ਭਾਲ ਕਰਨ ਲਈ ਕਿਹਾ ਗਿਆ ਹੈ।
ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸੋਲਰ ਪਾਰਕਾਂ ਨੂ ਸਥਾਪਤ ਕਰਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਮੁੱਦਾ ਚੁੱਕਿਆ ਸੀ, ਜਿਸ ’ਤੇ ਮੁੱਖ ਮੰਤਰੀ ਨੇ ਤੁਰੰਤ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਸੂਬਾ ਸਰਕਾਰ ਦਾ ਸੰਦੇਸ਼ ਮਿਲ ਚੁੱਕਾ ਹੈ ਕਿ ਜ਼ਮੀਨ ਦੀ ਪਛਾਣ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਮਾਮਲੇ ਨੂੰ ਬਾਰਤ ਸਰਕਾਰ ਦੇ ਨਿਊ ਤੇ ਰਿਨਿਊਏਬਲ ਐਨਰਜੀ ਮੰਤਰਾਲਾ ਕੋਲ ਭੇਜਿਆ ਜਾਵੇਗਾ।
ਤਿਵਾਰੀ ਨੇ ਅੱਗੇ ਦੱਸਿਆ ਕਿ ਪ੍ਰਤੀ 200 ਮੈਗਾਵਾਟ ਦੇ ਸੋਲਰ ਪਾਰਕ ਲਈ 1000 ਏਕੜ ਦੀ ਜ਼ਮੀਨ ਦੀ ਲੋੜ ਹੈ। ਮੰਤਰਾਲੇ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਮੁਤਾਬਕ ਲਗਭਗ 500 ਏਕੜ ਜ਼ਮੀਨ ’ਤੇ 100 ਮੈਗਾਵਾਟ ਸੋਲਰ ਪਾਰਕ ਇਕ ਹੀ ਜਗ੍ਹਾ ’ਤੇ ਲਗਾਏ ਜਾ ਸਕਦੇ ਹਨ। ਇਸ ਦੇ ਲਈ ਸੂਬਾ ਸਰਕਾਰ ਨੇ ਜ਼ਿਲਾ ਪ੍ਰਸ਼ਾਸਨ ਮੋਹਾਲੀ ਅਤੇ ਰੂਪਨਗਰ ਨੂੰ ਜ਼ਮੀਨ ਦੀ ਛੇਤੀ ਤੋਂ ਛੇਤੀ ਪਛਾਣ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪੂਰਾ ਹੋ ਜਾਣ ’ਤੇ ਹਲਕੇ ਦੇ ਲਈ ਇਕ ਮੀਲ ਦਾ ਪੱਥਰ ਸਿੱਧ ਹੋਵੇਗਾ, ਜੋ 10000 ਕਰੋੜ ਰੁਪਏ ਤੋਂ ਵੱਧ ਦੇ ਨਿੱਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਰਖਦਾ ਹੈ।