Punjab Govt write to UP Government : ਚੰਡੀਗੜ੍ਹ : ਗੈਂਗਸਟਰ ਤੋਂ ਵਿਧਾਇਕ ਬਣੇ ਮੁਖਤਾਰ ਅੰਸਾਰੀ ਨੂੰ ਲੰਮੇ ਸਮੇਂ ਤੋਂ ਯੂਪੀ ਭੇਜਣ ਤੋਂ ਆਨਾਕਾਨੀ ਕਰ ਰਹੀ ਪੰਜਾਬ ਸਰਕਾਰ ਨੂੰ ਅਖੀਰ ਬਾਹੁਬਲੀ ਵਿਧਾਇਕ ਨੂੰ ਹਣ ਵਾਪਿਸ ਭੇਜਣਾ ਹੀ ਪਏਗਾ। ਪੰਜਾਬ ਸਰਕਾਰ ਨੇ ਯੂਪੀ ਸਰਕਾਰ ਨੂੰ ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਲਿਜਾਣ ਲਈ ਕਹਿ ਦਿੱਤਾ ਹੈ। ਏਸੀਐਸ ਹੋਮ ਪੰਜਾਬ ਨੇ ਯੂਪੀ ਦੇ ਗ੍ਰਹਿ ਵਿਭਾਗ ਨੂੰ ਇੱਕ ਪੱਤਰ ਲਿਖਿਆ ਹੈ ਕਿ ਗੈਂਗਸਟਰ ਬਣੇ ਵਿਧਾਇਕ ਮੁਖਤਾਰ ਅੰਸਾਰੀ ਨੂੰ 8 ਅਪ੍ਰੈਲ ਤੱਕ ਸੂਬੇ ਵਿੱਚੋਂ ਲੈ ਜਾਣ।
ਇਸ ਪੱਤਰ ਵਿੱਚ ਪੰਜਾਬ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ ਤੋਂ ਯੂਪੀ ਦੀ ਬਾਂਦਾ ਜੇਲ ਵਿੱਚ ਤਬਦੀਲ ਕੀਤਾ ਜਾਵੇ। ਇਸ ਦੇ ਨਾਲ ਹੀ ਯੂਪੀ ਨੂੰ ਇਹ ਯਕੀਨੀ ਬਣਾਉਣ ਲਈ ਕਿ ਅੰਸਾਰੀ ਨੂੰ 12 ਅਪ੍ਰੈਲ ਨੂੰ ਪੰਜਾਬ ਵਿੱਚ ਉਸਦੇ ਖਿਲਾਫ ਇੱਕ ਫੌਜਦਾਰੀ ਕੇਸ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਪੰਜਾਬ ਦੇ ਗ੍ਰਹਿ ਵਿਭਾਗ ਨੇ ਵੀ ਯੂਪੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਸਦੀ ਡਾਕਟਰੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੇ ਤਬਾਦਲੇ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਦੱਸ ਦੇਈਏ ਕਿ ਮੁਖਤਾਰ ਅੰਸਾਰੀ ਨੂੰ 10 ਕਰੋੜ ਰੁਪਏ ਦੀ ਮੰਗ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ 2 ਸਾਲ ਪਹਿਲਾਂ ਮੁਹਾਲੀ ਨੂੰ ਪ੍ਰੋਡਕਸ਼ਨ ਵਾਰੰਟ ਲੈ ਕੇ ਆਈ ਸੀ। ਮੁਖਤਾਰ ‘ਤੇ ਮੁਹਾਲੀ ਦੇ ਇਕ ਵੱਡੇ ਬਿਲਡਰ ਨੂੰ ਫੋਨ ਕਰਕੇ 10 ਕਰੋੜ ਰੁਪਏ ਮੰਗਣ ਦਾ ਦੋਸ਼ ਸੀ। 24 ਜਨਵਰੀ 2019 ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ, ਉਦੋਂ ਤੋਂ ਮੁਖਤਾਰ ਪੜਤਾਲ ਕਰਕੇ ਰੋਪੜ ਜੇਲ੍ਹ ਵਿੱਚ ਹੈ। ਉਥੇ ਹੀ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ‘ਤੇ ਉੱਤਰ ਪ੍ਰਦੇਸ਼ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉੱਥੋਂ ਦੀ ਪੁਲਿਸ ਨੇ ਸੁਪਰੀਮ ਕੋਰਟ ਵਿਚ ਮੰਗ ਕੀਤੀ ਹੈ ਕਿ ਉਸ ਨੂੰ ਰੋਪੜ ਜੇਲ ਤੋਂ ਯੂਪੀ ਦੀ ਗਾਜੀਪੁਰ ਜੇਲ ਵਿਚ ਤਬਦੀਲ ਕੀਤਾ ਜਾਵੇ।