Punjab Groom supported Farmers : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਬਾਰਡਰਾਂ ’ਤੇ ਆਪਣੇ ਅੰਦੋਲਨ ਦੌਰਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਵੱਡੀ ਗਿਣਤੀ ਵਿਚ ਕਿਸਾਨ ਆਪਣਾ ਸਮਰਥਨ ਦੇਣ ਲਈ ਦਿੱਲੀ-ਹਰਿਆਣਾ ਸਰਹੱਦ ‘ਤੇ ਪਹੁੰਚ ਰਹੇ ਹਨ। ਜਿਹੜੇ ਕਿਸੇ ਵੀ ਕਾਰਨ ਕਰਕੇ ਉਥੇ ਪਹੁੰਚਣ ਤੋਂ ਅਸਮਰੱਥ ਹਨ, ਉਹ ਵੀ ਆਪਣੇ ਤਰੀਕੇ ਨਾਲ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਹਨ।
ਮੁਕਤਸਰ ਪੰਜਾਬ ਦੇ ਪਿੰਡ ਬਰੀਵਾਲਾ ਵਿੱਚ ਇੱਕ ਲਾੜੇ ਨੇ ਆਪਣੇ ਹੱਥਾਂ ‘ਤੇ ਕਿਸਾਨ ਏਕਤਾ ਜ਼ਿੰਦਾਬਾਦ ਦੀ ਮਹਿੰਦੀ ਲਗਾਈ ਅਤੇ ਆਪਣੀ ਕਾਰ ਦੇ ਅੱਗੇ ਕਿਸਾਨ ਏਕਤਾ ਦਾ ਝੰਡਾ ਲਾਇਆ। ਬਰਾਤ ਰਵਾਨਾ ਹੋਣ ਤੋਂ ਪਹਿਲਾਂ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇਬਾਜ਼ੀ ਕੀਤੀ ਗਈ। ਹੋਰਨਾਂ ਗੀਤਾਂ ਦੀ ਬਜਾਏ ਬਾਰਾਤੀ ਵੀ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਲਾੜੇ ਸੰਦੀਪ ਸਿੰਘ ਪੁੱਤਰ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ। ਉਸ ਦਾ ਵਿਆਹ ਹੈ। ਉਹ ਆਪ ਤਾਂ ਇਥੇ ਹੈ ਪਰ ਮਾਨਸਿਕ ਤੌਰ ‘ਤੇ ਉਹ ਇਸ ਸਮੇਂ ਸਰਹੱਦ ਦੇ ਨਾਲ-ਨਾਲ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੈ। ਇਸ ਲਈ ਕਿਸਾਨਾਂ ਦੇ ਹੱਕਾਂ ਲਈ ਉਸ ਨੇ ਆਪਣੇ ਵਿਆਹ ਸਮਾਗਮ ਨੂੰ ਕਿਸਾਨੀ ਅੰਦੋਲਨ ਦਾ ਰੰਗ ਦਿੱਤਾ ਹੈ। ਵਿਆਹ ਤੋਂ ਬਾਅਦ 15 ਦਸੰਬਰ ਤੋਂ ਉਹ ਲਗਭਗ ਵੀਹ ਲੋਕਾਂ ਨਾਲ ਦਿੱਲੀ ਸੰਘਰਸ਼ ਵਿਚ ਸ਼ਾਮਲ ਹੋਵੇਗਾ।
ਇਸ ਤੋਂ ਪਹਿਲਾਂ ਵੀ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰੀ ਦੇ ਤਕਰੀਬਨ ਵੀਹ ਲੋਕ ਦਿੱਲੀ ਦੇ ਸੰਘਰਸ਼ ਵਿਚ ਚਲੇ ਗਏ ਹਨ। ਉਸ ਨੇ ਕਿਹਾ ਕਿ ਇਸ ਕਿਸਾਨੀ ਅੰਦੋਲਨ ਵਿੱਚ ਨੌਜਵਾਨਾਂ ਦੇ ਉਤਸ਼ਾਹ ਅਤੇ ਬਜ਼ੁਰਗਾਂ ਦੇ ਤਜ਼ਰਬੇ ਦੀ ਵਰਤੋਂ ਕੀਤੀ ਜਾ ਰਹੀ ਹੈ। ਜਦੋਂ ਤੱਕ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜ਼ਿਲ੍ਹੇ ਦੇ ਪਿੰਡ ਸ਼ੇਖੂ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਗਨ ਦੇ ਕਰੀਬ 80 ਹਜ਼ਾਰ ਰੁਪਏ ਇਕੱਠੇ ਕੀਤੇ ਗਏ ਸਨ ਅਤੇ ਕਿਸਾਨਾਂ ਦੇ ਸਮਰਥਨ ਵਿੱਚ ਦਿੱਲੀ ਵਿੱਚ ਕਿਸਾਨਾਂ ਨੂੰ ਭੇਜੇ ਗਏ ਸਨ। ਵੱਡੀ ਗਿਣਤੀ ਵਿੱਚ ਕਿਸਾਨਾਂ ਅੰਦੋਲਨ ਦੀ ਪੰਜਾਬ ਵਿੱਚ ਹਿਮਾਇਤ ਕੀਤੀ ਜਾ ਰਹੀ ਹੈ।