ਉੱਤਰੀ ਭਾਰਤ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ । ਵੀਰਵਾਰ ਨੂੰ ਪੰਜਾਬ ਦੇ ਕਈ ਇਲਾਕਿਆ ਵਿੱਚ ਮੀਂਹ ਪਿਆ । ਉੱਥੇ ਹੀ ਸ਼ੁੱਕਰਵਾਰ ਦੀ ਅੱਧੀ ਰਾਤ ਤੋਂ ਪੰਜਾਬ ਵਿੱਚ ਮੀਂਹ ਪੈ ਰਿਹਾ ਹੈ । ਇਸ ਵਿਚਾਲੇ ਸ਼ੁੱਕਰਵਾਰ ਨੂੰ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਮੁਤਾਬਕ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ । ਜਿਸਦੇ ਮੱਦੇਨਜ਼ਰ ਵਿਭਾਗ ਨੇ ਲੋਕਾਂ ਨੂੰ ਹਿਦਾਇਤ ਦਿੱਤੀ ਹੈ ਕਿ ਮੌਸਮ ਦੇ ਹਾਲਾਤ ਦੇਖ ਕੇ ਹੀ ਘਰੋਂ ਬਾਹਰ ਨਿਕਲੋ । ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ 3 ਦਿਨਾਂ ਤੱਕ ਹਲਕੀ ਤੇ ਦਰਮਿਆਨੀ ਬਾਰਿਸ਼ ਦਾ ਦੌਰ ਜਾਰੀ ਰਹੇਗਾ।
ਪੰਜਾਬ ਵਿੱਚ ਬੁੱਧਵਾਰ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਵੀਰਵਾਰ ਨੂੰ ਵੀ ਰੁੱਕ-ਰੁੱਕ ਕੇ ਹੁੰਦੀ ਰਹੀ। ਸਭ ਤੋਂ ਜ਼ਿਆਦਾ ਬਾਰਿਸ਼ ਗੁਰਦਾਸਪੁਰ ਵਿੱਚ 28.5 MM ਦਰਜ ਕੀਤੀ ਗਈ। ਇਸ ਤੋਂ ਇਲਾਵਾ ਪਠਾਨਕੋਟ ਵਿੱਚ 16.2 MM, ਮੋਹਾਲੀ ਵਿੱਚ 12.5 MM ਤੇ ਪਟਿਆਲਾ ਵਿੱਚ 6.5 MM ਬਾਰਿਸ਼ ਹੋਈ। ਅੰਮ੍ਰਿਤਸਰ ਸਣੇ 11 ਜ਼ਿਲ੍ਹੇ ਅਜਿਹੇ ਰਹੇ, ਜਿੱਥੇ ਬਾਰਿਸ਼ ਨਹੀਂ ਹੋਈ। ਹਾਲਾਂਕਿ ਪੰਜਾਬ ਵਿੱਚ ਬਦਲੇ ਮੌਸਮ ਦੇ ਮਿਜਾਜ਼ ਨਾਲ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ: CM ਮਾਨ ਬੋਲੇ- ‘ਲੀਡਰਾਂ-ਸਰਕਾਰਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ, ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗੇ’
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹੋਈ ਬਾਰਿਸ਼ ਕਾਰਨ ਜਿੱਥੇ ਇੱਕ ਪਾਸੇ ਕਿਸਾਨਾਂ ਦੇ ਚਿਹਰੇ ਖਿੜ੍ਹੇ ਹਨ ਤੇ ਉੱਥੇ ਹੀ ਪਾਵਰਕਾਮ ਨੂੰ ਵੀ ਰਾਹਤ ਮਿਲੀ ਹੈ। ਮੀਂਹ ਪੈਣ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ ਜਿਸ ਕਰਕੇ ਬਿਜਲੀ ਦੀ ਖਪਤ ਵੀ ਘੱਟ ਗਈ ਹੈ । ਦੱਸ ਦੇਈਏ ਕਿ ਸ਼ੁੱਕਰਵਾਰ ਦੇ ਲਈ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਮਾਝਾ, ਦੋਆਬਾ ਪੱਛਮੀ ਮਾਲਵਾ ਤੇ ਪੂਰਬੀ ਮਾਲਵਾ ਦੇ ਅਧੀਨ ਆਉਣ ਵਾਲੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਨੂੰ ਦੇਖਦੇ ਹੋਏ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: