ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਲਿਤ ਮੁੱਦਿਆਂ ਨੂੰ ਲੈ ਕੇ ਮੰਤਰੀਆਂ ਦੀ ਬਣਾਈ ਗਈ ਕਮੇਟੀ ਦੀ ਅੱਜ ਮੀਟਿੰਗ ਹੋਈ, ਜਿਸ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਰਾਜ ਕੁਮਾਰ ਵੇਰਕਾ ਸ਼ਾਮਲ ਹੋਏ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੀਟਿੰਗ ‘ਚੋਂ ਬਾਹਰ ਆਏ ਰਾਜ ਕੁਮਾਰ ਵੇਰਕਾ ਨੇ ਸਫਾਈ ਕਰਮਚਾਰੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ।
ਵੇਰਕਾ ਨੇ ਕਿਹਾ ਕਿ ਮੀਟਿੰਗ ਵਿੱਚ ਦਲਿਤ ਮੁੱਦਿਆਂ ‘ਤੇ ਚਰਚਾ ਹੋਈ। ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਫਾਈ ਕਰਮਚਾਰੀਆਂ ਨੂੰ ਲੈ ਕੇ ਅੱਜ ਹੁਕਮ ਦਿੱਤੇ ਹਨ ਕਿ ਠੇਕੇ ‘ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ।
ਮੀਟਿੰਗ ਵਿੱਚ ਸਕਾਲਰਸ਼ਿਪ ਦਾ ਮਾਮਲਾ ਵੀ ਮੁੱਖ ਮੰਤਰੀ ਸਾਹਮਣੇ ਰੱਖਿਆ ਗਿਆ। ‘ਆਪ’ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ‘ਤੇ ਉਨ੍ਹਾਂ ਕਿਹਾ ਕਿ ਫੰਡ ਕੇਂਦਰ ਸਰਕਾਰ ਵੱਲੋਂ ਰੋਕਿਆ ਗਿਆ ਹੈ, ਵਿਰੋਧੀ ਧਿਰ ਨੂੰ ਕੇਂਦਰ ਸਰਕਾਰ ਖਿਲਾਫ ਧਰਨਾ ਦੇਣਾ ਚਾਹੀਦਾ ਹੈ।
ਉਥੇ ਹੀ ਕਾਂਗਰਸ ਵਿੱਚ ਚੱਲ ਰਹੇ ਘਮਾਸਾਨ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਫਾਰਮੂਲਾ ਤਿਆਰ ਕਰ ਲਿਆ ਹੈ। ਅਗਲੇ ਕੁਝ ਦਿਨਾਂ ਵਿੱਚ ਫੈਸਲਾ ਲੈ ਲਿਆ ਜਾਵੇਗਾ। ਸੰਗਠਨ ਅਤੇ ਕੈਬਨਿਟ ਵਿੱਚ ਬਦਲਾਅ ਵੀ ਹੋ ਸਕਦੇ ਹਨ। ਪਾਰਟੀ ਹਾਈਕਮਾਨ ਦੇ ਫੈਸਲੇ ਤੋਂ ਬਾਅਦ ਕੋਈ ਧੜੇਬੰਦੀ ਨਹੀਂ ਰਹੇਗੀ।
ਇਹ ਵੀ ਪੜ੍ਹੋ : NTT ਦੇ ਵਿਦਿਆਰਥੀ ਧਿਆਨ ਦੇਣ! 27 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ
ਦੂਜੇ ਪਾਸੇ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਪੋਸਟਰ ਵਾਰ ‘ਤੇ ਬਿਆਨ ਦਿੰਦਿਆਂ ਵੇਰਕਾ ਨੇ ਕਿਹਾ ਕਿ ਇਹ ਗੱਲ ਹਾਈਕਮਾਨ ਦੇ ਧਿਆਨ ਵਿੱਚ ਹੈ। ਪਰ ਹਰੇਕ ਵਰਕਰ ਨੂੰ ਆਪਣੀ ਮਾਣ-ਮਰਿਆਦਾ ਦੇ ਅੰਦਰ ਰਹਿ ਕੇ ਕੰਮ ਕਰਨਾ ਚਾਹੀਦਾ ਹੈ।