Punjab police conducted corona test : ਚੰਡੀਗੜ : ਪੰਜਾਬ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਪੁਲਿਸ ਨੇ ਹੁਣ ਮਾਸਕ ਨਾ ਪਹਿਨਣ ਵਾਲਿਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਅਧੀਨ ਸ਼ਨੀਵਾਰ ਨੂੰ ਪੰਜਾਬ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ 4400 ਤੋਂ ਵੱਧ ਬਿਨਾਂ ਮਾਸਕ ਦੇ ਲੋਕਾਂ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਆਰ.ਟੀ-ਪੀ.ਸੀ.ਆਰ ਟੈਸਟ ਕਰਵਾਉਣ ਲਈ ਭੇਜਿਆ। ਇਸ ਤੋਂ ਇਲਾਵਾ 1800 ਲੋਕਾਂ ਦੇ ਚਲਾਨ ਵੀ ਕੀਤੇ ਗਏ । ਪੁਲਿਸ ਨੇ 12000 ਤੋਂ ਵੱਧ ਲੋਕਾਂ ਨੂੰ ਮੁਫਤ ਫੇਸ ਮਾਸਕ ਵੰਡੇ।
ਇਹ ਕਦਮ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਸਕ ਲਗਾਉਣ ਸਬੰਧੀ ਦਿੱਤੇ ਆਦੇਸ਼ ਤੋਂ ਇਕ ਦਿਨ ਬਾਅਦ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ, ਮੁੱਖ ਮੰਤਰੀ ਨੇ ਪੁਲਿਸ ਅਤੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਸਨ ਕਿ ਉਹ ਜਨਤਕ ਖੇਤਰਾਂ ਵਿਚ ਅਤੇ ਸੜਕਾਂ ਅਤੇ ਗਲੀਆਂ ਉੱਤੇ ਬਿਨਾਂ ਫੇਸ ਮਾਸਕ ਤੋਂ ਇੱਧਰ-ਉੱਧਰ ਘੁੰਮਣ ਵਾਲੇ ਸਾਰੇ ਲੋਕਾਂ ਨੂੰ ਨੇੜੇ ਦੇ ਆਰ.ਟੀ-ਪੀ.ਸੀ.ਆਰ ਜਾਂਚ ਕੇਂਦਰ ਵਿੱਚ ਲਿਜਾਣ ਤਾਂ ਜੋ ਕੋਵਿਡ ਸਬੰਧੀ ਜਾਂਚ ਕੀਤੀ ਜਾ ਸਕੇ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਆਪਣੇ ਹੋਰ ਨਾਗਰਿਕਾਂ ਦੀ ਸੁਰੱਖਿਆ ਲਈ ਫੇਸ ਮਾਸਕ ਪਾਉਣ, ਸਮਾਜਿਕ ਇਕੱਠਾਂ ਸਮਾਜਕ ਦੂਰੀ ਦੀ ਪਾਲਣਾ ਕਰਨ ਅਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ । ਉਹਨਾਂ ਦੱਸਿਆ ਕਿ ਜਲੰਧਰ ਦਿਹਾਤੀ ਵਿੱਚ ਸਭ ਤੋਂ ਵੱਧ 800 ਅਤੇ ਐਸ.ਬੀ.ਐਸ. ਨਗਰ ਵਿੱਚ 154 ਉਲੰਘਣਾ ਕਰਨ ਵਾਲਿਆਂ ਦੇ ਇੱਕ ਦਿਨ ਵਿੱਚ ਕੋਰੋਨਾ ਟੈਸਟ ਕਰਵਾਏ ਗਏ। ਪੰਜਾਬ ਪੁਲਿਸ ਵਲੋਂ ਲੋਕਾਂ ਦੇ ਕੋਵਿਡ ਟੈਸਟ ਕਰਵਾਉਣ ਅਤੇ ਚਲਾਨ ਕੱਟਣ ਤੋਂ ਇਲਾਵਾ ਸੂਬੇ ਵਿੱਚ ਉਲੰਘਣਾ ਕਰਨ ਵਾਲਿਆਂ ਖਿਲਾਫ 7 ਐਫ.ਆਈ.ਆਰਜ ਵੀ ਦਰਜ ਕੀਤੀਆਂ ਗਈਆਂ ਹਨ।