Punjab received 14.12 percent : ਚੰਡੀਗੜ੍ਹ : ਪੰਜਾਬ ਨੂੰ ਇਸ ਸਾਲ ਅਕਤੂਬਰ ਮਹੀਨੇ ਦੌਰਾਨ 1060.76 ਕਰੋੜ ਰੁਪਏ ਜੀ.ਐਸ.ਟੀ. ਮਾਲੀਆ ਹਾਸਲ ਹੋਇਆ, ਜੋਕਿ ਪਿਛਲੇ ਸਾਲ ਨਾਲੋਂ 14.12 ਫੀਸਦੀ ਵੱਧ ਸੀ। ਅਕਤੂਬਰ 2019 ‘ਚ ਇਸ ਮਹੀਨੇ ਦਾ ਜੀ.ਐਸ.ਟੀ. ਮਾਲੀਆ 929.52 ਕਰੋੜ ਸੀ।
ਦੱਸਣਯੋਗ ਹੈ ਕਿ ਅਪ੍ਰੈਲ ਤੋਂ ਅਕਤੂਬਰ 2020 ਦੌਰਾਨ ਪਿਛਲੇ ਸਾਲ ਨਾਲੋਂ 25.56 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇਨ੍ਹਾਂ ਮਹੀਨਿਆਂ ਦੌਰਾਨ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 5746.48 ਕਰੋੜ ਰੁਪਏ ਸੀ ਜਦੋਂਕਿ ਪਿਛਲੇ ਸਾਲ ਇਹ ਮਾਲੀਆ 7719.86 ਕਰੋੜ ਰੁਪਏ ਸੀ। ਉਥੇ ਹੀ ਇਸ ਸਾਲ ਸਤੰਬਰ ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਰਿਹਾ ਜਿਸ ਵਿੱਚੋਂ ਪੰਜਾਬ ਸੂਬੇ ਨੇ 1060 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋਕਿ ਕੁਲ ਸੁਰੱਖਿਅਤ ਮਾਲੀਏ ਦਾ ਕਰੀਬ 44 ਫੀਸਦੀ ਬਣਦਾ ਹੈ, ਇਸ ਤਰ੍ਹਾਂ ਅਕਤੂਬਰ 2020 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1343 ਕਰੋੜ ਹੈ ਜੋ ਕਿ ਅਜੇ ਤੱਕ ਪ੍ਰਾਪਤ ਨਹੀਂ ਹੋਈ। ਜਦਕਿ ਅਪਰੈਲ ਤੋਂ ਸਤੰਬਰ 2020 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਬਣਦੀ ਰਕਮ 10,843 ਕਰੋੜ ਰੁਪਏ ਵੀ ਬਾਕਾਇਆ ਪਈ ਹੈ।
ਉਥੇ ਹੀ ਰਾਸ਼ਟਰੀ ਕੁੱਲ ਜੀ. ਐਸ. ਟੀ. ਮਾਲੀਆ ਸੰਗ੍ਰਹਿ ਅਕਤੂਬਰ 2020 ਦੇ ਮਹੀਨੇ ਦੌਰਾਨ 1,05,155 ਕਰੋੜ ਰੁਪਏ ਹੈ ਜਦੋਂ ਕਿ ਪਿਛਲੇ ਸਾਲ ਅਕਤੂਬਰ 2019 ਦੇ ਮਹੀਨੇ ਦੌਰਾਨ ਕੁੱਲ ਰਾਸ਼ਟਰੀ ਜੀ. ਐਸ. ਟੀ. ਦਾ ਮਾਲੀਆ 95,380 ਕਰੋੜ ਰੁਪਏ ਇਕੱਠਾ ਹੋਇਆ ਸੀ, ਜਦਕਿ ਅਪਰੈਲ ਤੋਂ ਅਕਤੂਬਰ ਦੌਰਾਨ ਪਿਛਲੇ ਸਾਲ ਨਾਲੋਂ 20.22 ਫੀਸਦੀ ਗਿਰਾਵਟ ਨਾਲ ਕੁੱਲ ਰਾਸ਼ਟਰੀ ਜੀ.ਐਸ.ਟੀ. ਮਾਲੀਆ 5,59,746 ਕਰੋੜ ਰੁਪਏ ਹਾਸਲ ਹੋਇਆ ਸੀ। ਇਸ ਤਰ੍ਹਾਂ ਇਸ ਸਾਲ ਪਿਛਲੇ ਸਾਲ ਨਾਲੋਂ 20.22 ਫੀਸਦੀ ਗਿਰਾਵਟ ਦਰਜ ਕੀਤੀ ਗਈ।
ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬੇ ਵਿੱਚ ਆਰਥਿਕ ਸਰਗਰਮੀਆਂ ਕਾਫੀ ਘੱਟ ਗਈਆਂ ਸਨ, ਜਿਸ ਦੇ ਚੱਲਦਿਆਂ ਅਪ੍ਰੈਲ ਤੋਂ ਲੈ ਕੇ ਅਗਸਤ ਦੇ ਪੰਜ ਮਹੀਨਿਆਂ ਤੱਕ ਸੂਬੇ ਨੂੰ ਪ੍ਰਾਪਤ ਹੋਏ ਜੀ ਐਸ ਟੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਪਰ ਪਿਛਲੇ ਦੋ ਮਹੀਨਿਆਂ ਵਿੱਚ ਵਧੇਰੇ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਅਰਥ ਵਿਵਸਥਾ ਮੁੜ ਲੀਹ ‘ਤੇ ਆਉਣੀ ਸ਼ੁਰੂ ਹੋ ਗਈ ਹੈ।