Punjab State Power Corporation : ਕੋਰੋਨਾ ਵਾਇਰਸ ਕਾਰਨ ਆਏ ਆਰਥਿਕ ਸੰਕਟ ਨਾਲ ਨਜਿੱਠਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ‘ਤੇ ਪੀ.ਐਸ.ਪੀ.ਸੀ.ਐਲ /ਪੀ.ਐਸ.ਟੀ.ਸੀ.ਐਲ. ਦੀ ਮੈਨੇਜਮੈਂਟ, ਕਰਮਚਾਰੀਆਂ ਅਤੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ 7.91 ਕਰੋੜ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਪੀਐਸਪੀਸੀਐਲ/ ਪੀਐਸਟੀਸੀਐਲ ਵੱਲੋਂ ਪਾਏ ਇਸ ਯੋਗਦਾਨ ਦੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ ਅਤੇ ਕਿਹਾ ਇਹ ਦਾਨ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਵਿੱਚ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਵਧੇਰੇ ਸਹਾਈ ਸਿੱਧ ਹੋਵੇਗਾ।
ਇਥੇ ਤੁਹਾਨੂੰ ਦੱਸਣਯੋਗ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਮੈਨੇਜਮੈਂਟ, ਕਰਮਚਾਰੀਆਂ ਅਤੇ ਪੈਨਸ਼ਨਰਾਂ ਵੱਲੋਂ ਕੋਰੋਨਵਾਇਰਸ ਵਿਰੁੱਧ ਜੰਗ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਆਪਣੀ ਇਕ ਦਿਨ ਦੀ ਤਨਖਾਹ/ ਪੈਨਸ਼ਨ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਕੀਤੀ ਗਈ ਹੈ। ਪਿਛਲੇ ਸਾਲ ਵੀ ਸੂਬੇ ਵਿੱਚ ਆਏ ਹੜ੍ਹਾਂ ਦੌਰਾਨ ਪੀਐਸਪੀਸੀਐਲ/ ਪੀਐਸਟੀਸੀਐਲ ਦੇ ਕਰਮਚਾਰੀਆਂ/ ਪੈਨਸ਼ਨਰਾਂ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਇੱਕ ਦਿਨ ਦੀ ਤਨਖਾਹ/ ਪੈਨਸ਼ਨ ਦਾ ਯੋਗਦਾਨ ਪਾ ਕੇ ਆਪਣੀ ਇਕਜੁਟਤਾ ਪ੍ਰਗਟਾਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਵੱਲੋਂ ਗਰਮੀ, ਸਰਦੀ ਅਤੇ ਬਰਸਾਤ ਦੇ ਮੌਸਮ ਤੋਂ ਇਲਾਵਾ ਸੂਬੇ ਵਿਚ ਲੱਗੇ ਕਰਫਿਊ/ ਲੌਕਡਾਊਨ ਦੌਰਾਨ ਸਖ਼ਤ ਹਾਲਾਤਾਂ ਵਿੱਚ ਦਿਨ-ਰਾਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। 7.91 ਕਰੋੜ ਰੁਪਏ ਦੀ ਇਹ ਰਾਸ਼ੀ ਆਰ.ਟੀ.ਜੀ.ਐਸ. ਰਾਹੀਂ ਪਹਿਲਾਂ ਹੀ ਮੁੱਖ ਮੰਤਰੀ ਕੋਵੀਡ -19 ਰਾਹਤ ਫੰਡ ਵਿਚ ਜਮ੍ਹਾਂ ਕਰਵਾ ਦਿੱਤੀ ਗਈ। ਇਥੇ ਦੱਸ ਦੇਈਏ ਕਿ ਪੰਜਾਬ ਐਗਰੋ ਦੇ ਚੇਅਰਮੈਨਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੀ ਮੁੱਖ ਮੰਤਰੀ ਰਾਹਤ ਫੰਡ ਕੋਵਿਡ-19 ਵਿਚ 21.71 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ, ਤਾਂਕਿ ਸਰਕਾਰ ਵੱਲੋਂ ਇਸ ਸੰਕਟ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।