Punjab Women Commission : ਚੰਡੀਗੜ੍ਹ : ਕਰਨਾਲ ਜੇਲ੍ਹ ਵਿੱਚ ਬੰਦ ਨੌਦੀਪ ਕੌਰ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਬੀਤੇ ਦਿਨ ਸੋਨੀਪਤ ਦੇ ਐਸਐਸਪੀ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਸੀ ਤੇ ਹੁਣ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ 15 ਫਰਵਰੀ ਨੂੰ ਨੌਦੀਪ ਕੌਰ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨਗੇ। ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੌਦੀਪ ਕੌਰ ਨਾਲ ਹੋਣ ਵਾਲੀ ਮੁਲਾਕਾਤ ਲਈ ਡਾਇਰੈਕਟਰ ਜਨਰਲ ਜੇਲ੍ਹ ਨੂੰ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਦਿੱਤੀ ਹੈ ਅਤੇ ਇਸ ਦੀ ਐਕਸ਼ਨ ਟੇਕਨ ਰਿਪੋਰਟ ਵੀ ਪੇਸ਼ ਕਰਨ ਲਈ ਕਿਹਾ ਹੈ।
ਚੇਅਰਪਸਨ ਮਨੀਸ਼ਾ ਗੁਲਾਟੀ ਨੇ ਇਹ ਮੁੱਦਾ ਹਰਿਆਣਾ ਵਿੱਚ ਚੁੱਕਿਆ ਅਤੇ ਹਰਿਆਣਾ ਦੀ ਆਪਣੀ ਹਮਰੁਤਬਾ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਸ ’ਤੇ ਕਾਰਵਾਈ ਕਰਦੇ ਹੋਏ ਹਰਿਆਣਾ ਰਾਜ ਮਹਿਲਾ ਕਮਿਸ਼ਨ ਵੱਲੋਂ ਹਰਿਆਣਾ ਦੇ ਜੇਲ੍ਹ ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਪੰਜਾਬ ਰਾਜ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਗਿਆਦੜ ਦੀ ਵਸਨੀਕ ਨੌਦੀਪ ਕੌਰ ਨੂੰ ਕਾਨੂੰਨੀ ਸਹਾਇਤਾ ਦਿਵਾਉਣ ਯਕੀਨੀ ਬਣਾਉਣ ਦੇ ਨਾਲ ਉਸ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਦੀ ਹਿਦਾਇਤ ਦਿੱਤੀ ਹੈ।
ਇਥੇ ਦੱਸਣਯੋਗ ਹੈ ਕਿ ਮਜ਼ੂਦਰਾਂ ਦੇ ਹੱਕਾਂ ਲੜਨ ਵਾਲੀ ਨੌਦੀਪ ਕੌਰ ਦਾ ਮਾਮਲਾ ਬੀਤੇ ਦਿਨਾਂ ਤੋਂ ਕਾਫੀ ਭਖਿਆ ਹੈ ਅਤੇ ਉਸ ਦੀ ਰਿਹਾਈ ਲਈ ਦੇਸ਼ ਤੇ ਵਿਦੇਸ਼ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਨੌਦੀਪ ਕੌਰ ਨੂੰ ਅਗਲੇ ਹਫਤੇ ਤੱਕ ਰਿਹਾਈ ਮਿਲਣ ਦੀ ਸੰਭਾਵਨਾ ਹੈ। ਸੋਨੀਪਤ ਦੀ ਜ਼ਿਲ੍ਹਾ ਅਦਾਲਤ ਵੱਲੋਂ ਨੌਦੀਪ ਕੌਰ ਨੂੰ ਇਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ, ਜਦਕਿ ਉਸ ਖਿਲਾਫ਼ ਦੋ ਕੇਸਾਂ ਕਰਕੇ ਉਸਨੂੰ ਅਜੇ ਜੇਲ੍ਹ ਵਿੱਚ ਹੀ ਰਹਿਣਾ ਹੋਵੇਗਾ।