Punjabi boy committed suicide in canada : ਜਲੰਧਰ ਵਿੱਚ ਪੀਏਪੀ ਵਿਚ ਤਾਇਨਾਤ ਏਐਸਆਈ ਮਲਕੀਤ ਸਿੰਘ ਦੇ 21 ਸਾਲਾ ਇਕਲੌਤੇ ਪੁੱਤਰ, ਜੋਕਿ ਸਟੱਡੀ ਵੀਜ਼ੇ ਕੈਨੇਡਾ ਦੇ ਸਰੀ ਵਿੱਚ ਗਿਆ ਸੀ, ਨੇ ਇਕ ਪਾਕਿਸਤਾਨੀ ਕੁੜੀ ਦੇ ਪਿਆਰ ਵਿੱਚ ਪੈ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਉਹ ਅਮਰਿੰਦਰ ਸਿੰਘ ਨਿਊ ਵੈਸਟਮਿਨਸਟਰ ਸਥਿਤ ਡਗਲਾਸ ਕਾਲਜ ਵਿੱਚ 2017 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਅਮਰਿੰਦਰ ਸਿੰਘ ਦੇ ਦੋਸਤਾਂ ਮੁਤਾਬਕ ਉਸਦਾ ਕਰਾਚੀ ਦੀ ਰਹਿਣ ਵਾਲੀ ਇਕ ਪਾਕਿਸਤਾਨੀ ਕੁੜੀ ਨਾਲ ਇੰਸਟਾਗਰਾਮ ਰਾਹੀਂ ਸੰਪਰਕ ਹੋਇਆ ਸੀ ਅਤੇ ਉਹ ਉਸਨੂੰ ‘ਗਿਫ਼ਟ’ ਅਤੇ ਨਕਦੀ ਭੇਜਦਾ ਰਹਿੰਦਾ ਸੀ। ਇਸੇ ਦੇ ਚੱਲਦਿਆਂ ਉਹ ਆਰਥਿਕ ਤੰਗੀ ਵਿੱਚ ਆ ਗਿਆ ਅਤੇ ਹੁਣ ਉਸ ਕੋਲ ਕਾਲਜ ਦੀ ਫ਼ੀਸ ਆਦਿ ਦੇਣ ਲਈ ਵੀ ਪੈਸੇ ਨਹੀਂ ਰਹੇ ਸਨ, ਜਿਸ ਦੇ ਚੱਲਦਿਆਂ ਮਾਨਸਿਕ ਤਣਾਅ ਵਿੱਚ ਆ ਕੇ ਉਸਨੇ ਖ਼ੁਦਕੁਸ਼ੀ ਕਰ ਲਈ।
ਉਸਦੇ ਪਿਤਾ ਮਲਕੀਤ ਸਿੰਘ ਅਨੁਸਾਰ ਨਵੰਬਰ 2019 ਵਿੱਚ ਉਸਦੇ ਬੇਟੇ ਨੇ 20 ਲੱਖ ਰੁਪਏ ਹੋਰ ਮੰਗੇ ਸਨ ਜੋ ਉਸਨੂੰ ਭੇਜ ਦਿੱਤੇ ਗਏ ਸਨ। ਉਨ੍ਹਾਂ ਨੂੰ ਪਹਿਲਾਂ ਵੀ ਪਤਾ ਲੱਗਾ ਸੀ ਕਿ ਉਹ ਕਿਸੇ ਲੜਕੀ ਦੇ ਚੱਕਰ ਵਿਚ ਫਸ ਚੁੱਕਾ ਹੈ। ਸਾਰੇ ਪੈਸੇ ਉਸ ਨੇ ਉਸੇ ਲੜਕੀ ‘ਤੇ ਖਰਚੇ ਸਨ। ਉਸ ਨੇ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਸਤਾਂ ਅਤੇ ਪਰਿਵਾਰ ਨੇ ਉਸ ਨੂੰ ਸਮਝਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਅਮਰਿੰਦਰ ਨੇ ਕੋਰੀਅਰ ਦੇ ਜ਼ਰੀਏ ਸਰਟੀਫਿਕੇਟ ਭੇਜੇ ਸਨ ਕਿ ਉਸ ਦੀ ਪੜ੍ਹਾਈ ਖਤਮ ਹੋ ਗਈ ਹੈ। ਪਰ 17 ਸਤੰਬਰ ਨੂੰ ਉਸ ਨੇ ਮੁੜ ਕਦਮ ਚੁੱਕ ਲਿਆ।
ਅਮਰਿੰਦਰ ਦੇ ਮਾਪਿਆਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਅਮਰਿੰਦਰ ਦੀ ਮ੍ਰਿਤਕ ਦੇਹ ਵਾਪਿਸ ਲਿਆਉਣ ਵਿਚ ਉਨ੍ਹਾਂ ਦੀ ਮਦਦ ਕਰਨ। ਹਾਲਾਂਕਿ ਕੈਨੇਡਾ ਦੇ ਪੰਜਾਬੀ ਭਾਈਚਾਰੇ ਵੱਲੋਂ ਵੀ ਅਮਰਿੰਦਰ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।