ਨੌਜਵਾਨਾਂ ਵਿਚ ਵਿਦੇਸ਼ ਜਾ ਕੇ ਸੈੱਟ ਹੋਣ ਦਾ ਕ੍ਰੇਜ਼ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਰੋਜ਼ੀ-ਰੋਟੀ ਤੇ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰ ਰਹੇ ਹਨ। ਉਨ੍ਹਾਂ ਆਪਣੇ ਮਨਾਂ ਵਿਚ ਸੁਪਨੇ ਸੰਜੋਏ ਵਿਦੇਸ਼ ਦੀ ਧਰਤੀ ‘ਤੇ ਜਾਂਦੇ ਹਨ ਤੇ ਉਥੇ ਮਿਹਨਤ ਕਰਕੇ ਆਪਣੇ ਲਈ ਤੇ ਪਰਿਵਾਰ ਲਈ ਕੁਝ ਕਰਨ ਦਾ ਜਜ਼ਬਾ ਰੱਖਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ ਕਿ ਉਨ੍ਹਾਂ ਦੇ ਸੁਪਨੇ ਜਿਉਂ ਦੇ ਤਿਉਂ ਹੀ ਰਹਿ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਤੋਂ ਸਾਹਮਣੇ ਆਇਆ ਹੈ ਜਿਥੋਂ ਦੇ ਨੌਜਵਾਨ ਦੀ ਇਟਲੀ ਵਿਚ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ 30 ਸਾਲਾ ਸੰਦੀਪ ਸਿੰਘ ਆਪਣੇ ਚੰਗੇ ਭਵਿੱਖ ਲਈ ਇਟਲੀ ਗਿਆ ਸੀ ਪਰ ਬੀਤੇ ਕੁਝ ਦਿਨ ਪਹਿਲਾਂ ਉਸ ਦੀ ਮ੍ਰਿਤਕ ਦੇਹ ਜੰਗਲਾਂ ਦੇ ਵਿੱਚੋਂ ਮਿਲੀ, ਜਿਸ ਤੋਂ ਬਾਅਦ ਅੱਜ ਉਸ ਦੀ ਡੈਡ ਬਾਡੀ ਉਸ ਦੇ ਜੱਦੀ ਪਿੰਡ ਸਲੇਮਪੁਰ ਪਹੁੰਚੀ।
ਸੰਦੀਪ ਸਿੰਘ ਦਾ ਹੁਣ ਉਸ ਦੇ ਜੱਦੀ ਪਿੰਡ ਪੂਰੇ ਰਸਮਾਂ ਰਿਵਾਜਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਪਰਿਵਾਰ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਕੁਝ ਦਿਨ ਪਹਿਲਾਂ ਪਤਾ ਲੱਗਾ ਸੀ ਕਿ ਸੰਦੀਪ ਲਾਪਤਾ ਹੈ। ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ਪਰ ਬੀਤੇ ਦਿਨੀਂ ਸਾਨੂੰ ਫੋਨ ਆਇਆ ਜਿਸ ਵਿਚ ਕਿਹਾ ਗਿਆ ਕਿ ਸੰਦੀਪ ਦੀ ਮ੍ਰਿਤਕ ਦੇਹ ਜੰਗਲਾਂ ਵਿਚੋਂ ਮਿਲੀ ਹੈ। ਇਹ ਖਬਰ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੰਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਇਹ ਵੀ ਪੜ੍ਹੋ : ਬਿਹਾਰ SIR ਵਿਵਾਦ ‘ਤੇ SC ਦਾ ਨਿਰਦੇਸ਼-‘ਵੋਟਰ ਸੂਚੀ ਤੋਂ ਬਾਹਰ ਲੋਕ ਆਨਲਾਈਨ ਕਰ ਸਕਦੇ ਹਨ ਅਪਲਾਈ’
ਸੰਦੀਪ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸੰਦੀਪ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਤੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸੰਦੀਪ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਤੇ ਹੁਣ ਉਸ ਦੇ ਜਾਣ ਦੇ ਬਾਅਦ ਦੋਵੇਂ ਬਜ਼ੁਰਗ ਮਾਪੇ ਬੇਸਹਾਰਾ ਹੋ ਗਏ ਹਨ ਤੇ ਅਜਿਹੇ ਵਿਚ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਮਾਪਿਆਂ ਨੇ ਬਹੁਤ ਮੁਸ਼ਕਲਾਂ ਨਾਲ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























