ਸਮਾਣਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਕੈਨੇਡਾ ਗਏ 21 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੈਹਰਾਬ ਧੀਮਾਨ ਉਰਫ ਚੈਰੀ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਤਾਏ ਨਰਿੰਦਰ ਧੀਮਾਨ ਨੇ ਦੱਸਿਆ ਕਿ ਮੈਹਰਾਬ ਲਗਭਗ ਡੇਢ ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਕੈਨੇਡਾ ਦੇ ਬਰੰਪਟਨ ਸ਼ਹਿਰ ਵਿਚ ਰਿਹਾ ਸੀ ਤੇ ਬੀਤੀ 19 ਦਸੰਬਰ ਨੂੰ ਹਾਰਟ ਅਟੈਕ ਆਉਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਅਜੇ ਕੁਆਰਾ ਸੀ।
ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਮੈਹਰਾਬ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਤ੍ਰਾਸਦੀ ਹੈ ਕਿ ਦੋ ਦਿਨ ਪਹਿਲਾਂ ਹੀ ਉਸ ਦੇ ਤਾਏ ਰਾਕੇਸ਼ ਧੀਮਾਨ ਦੀ ਵੀ ਮੌਤ ਹੋਈ ਹੈ। ਮੈਹਰਾਨ ਧੀਮਾਨ ਦੀ ਮ੍ਰਿਤਕ ਦੇਹ ਭਲਕੇ ਭਾਰਤ ਪੁੱਜੇਗੀ ਤੇ ਉਸਦਾ ਸਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਖੇਤ ‘ਚੋਂ ਮਿਲੀਆਂ ਪ੍ਰਾਚੀਨ ਮੂਰਤੀਆਂ, ਪਿੰਡ ਵਾਲਿਆਂ ਨੇ ਪੁਲਿਸ ਨੂੰ ਕੀਤੀਆਂ ਸਪੁਰਦ
ਜ਼ਿਕਰਯੋਗ ਹੈ ਕਿ ਪੜ੍ਹਾਈ ਅਤੇ ਰੋਜ਼ਗਾਰ ਲਈ ਵਿਦੇਸ਼ਾਂ ਵਿੱਚ ਗਏ ਨੌਜਵਾਨਾਂ ਦੀਆਂ ਅਚਾਨਕ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ। ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਚੰਗੇ ਪੈਸੇ ਕਮਾ ਕੇ ਉਹ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰ ਸਕਣਗੇ ਪਰ ਕਈ ਵਾਰ ਉਨ੍ਹਾਂ ਦਾ ਸੁਪਨਾ ਜਿਉਂ ਦਾ ਤਿਉਂ ਹੀ ਰਹਿ ਜਾਂਦਾ ਹੈ।