Rahul meets migrant workers: ਨਵੀਂ ਦਿੱਲੀ: ਕਾਂਗਰਸੀ ਨੇਤਾ ਰਾਹੁਲ ਗਾਂਧੀ ਲਾਕਡਾਊਨ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਲਈ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੇ ਹਨ । ਲਾਕਡਾਊਨ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਮਜ਼ਦੂਰ ਪੈਦਲ ਹੀ ਆਪਣੇ ਰਾਜਾਂ ਵਿੱਚ ਵਾਪਿਸ ਜਾਣ ਲਈ ਮਜਬੂਰ ਹੋ ਗਏ ਸਨ। 16 ਮਈ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੁਖਦੇਵ ਵਿਹਾਰ ਫਲਾਈਓਵਰ ਨੇੜੇ ਇਨ੍ਹਾਂ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਸੀ ।
ਵਰਕਰਾਂ ਨੇ ਆਪਣੀਆਂ ਸਮੱਸਿਆਵਾਂ ਰਾਹੁਲ ਗਾਂਧੀ ਨਾਲ ਸਾਂਝੀਆਂ ਕੀਤੀਆਂ । ਰਾਹੁਲ ਗਾਂਧੀ ਅੱਜ ਸਵੇਰੇ 9 ਵਜੇ ਇਸ ਗੱਲਬਾਤ ਦੀ ਵੀਡੀਓ ਆਪਣੇ ਯੂ-ਟਿਊਬ ‘ਤੇ ਸਾਂਝਾ ਕਰਨਗੇ । ਜਿਸ ਬਾਰੇ ਰਾਹੁਲ ਗਾਂਧੀ ਨੇ ਖ਼ੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ । ਇਸ ਸਬੰਧੀ ਉਨ੍ਹਾਂ ਨੇ ਟਵੀਟ ਵੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਕਿ ‘ਕੁਝ ਦਿਨ ਪਹਿਲਾਂ ਮੈਂ ਪ੍ਰਵਾਸੀ ਮਜ਼ਦੂਰਾਂ ਦੇ ਇੱਕ ਸਮੂਹ ਨਾਲ ਗੱਲਬਾਤ ਕੀਤੀ ਸੀ, ਜੋ ਕਿ ਹਰਿਆਣਾ ਵਿੱਚ ਕੰਮ ਕਰਦੇ ਸਨ ਅਤੇ ਹੁਣ ਪੈਦਲ ਹੀ ਝਾਂਸੀ ਪਰਤ ਰਹੇ ਸਨ । ਉਨ੍ਹਾਂ ਅੱਗੇ ਲਿਖਿਆ ਕਿ ਅੱਜ ਸਵੇਰੇ 9 ਵਜੇ ਉਨ੍ਹਾਂ ਦੇ ਦਰਦ, ਇੱਛਾ ਸ਼ਕਤੀ ਅਤੇ ਜ਼ਿੰਦਗੀ ਦੀ ਕਹਾਣੀ ਆਪਣੇ ਯੂ-ਟਿਊਬ ਚੈਨਲ ‘ਤੇ ਸਾਂਝਾ ਕਰਾਂਗਾ ।
ਰਾਹੁਲ ਗਾਂਧੀ ਨੇ ਇਸ ਵੀਡੀਓ ਦਾ ਟੀਜ਼ਰ ਵੀ ਪੇਸ਼ ਕੀਤਾ ਹੈ । ਵੀਡੀਓ ਵਿੱਚ ਰਾਹੁਲ ਗਾਂਧੀ ਇਹ ਪੁੱਛਦੇ ਹੋਏ ਦਿਖਾਈ ਦੇ ਰਹੇ ਹਨ ਕਿ ਤੁਸੀਂ ਕਿੰਨੀ ਦੂਰ ਤੋਂ ਪੈਦਲ ਚੱਲ ਰਹੇ ਹੋ, ਵੀਡੀਓ ਵਿੱਚ ਇੱਕ ਵਿਅਕਤੀ ਜਵਾਬ ਦਿੰਦਾ ਹੈ ਕਿ 100 ਕਿਲੋਮੀਟਰ ।
ਦੱਸ ਦੇਈਏ ਕਿ ਰਾਹੁਲ ਗਾਂਧੀ ਦਿੱਲੀ ਦੀਆਂ ਸੜਕਾਂ ‘ਤੇ ਭਟਕ ਰਹੇ ਮਜ਼ਦੂਰਾਂ ਨੂੰ ਮਿਲਣ ਲਈ ਸੜਕਾਂ ‘ਤੇ ਉਤਰੇ ਸਨ । ਰਾਹੁਲ ਗਾਂਧੀ ਨੇ ਫੁੱਟਪਾਥ ‘ਤੇ ਬੈਠੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਦੁੱਖ ਸੁਣੇ । ਰਾਹੁਲ ਗਾਂਧੀ ਆਪਣੇ ਘਰ ਪਰਤਣ ਲਈ 700 ਕਿਲੋਮੀਟਰ ਦੀ ਯਾਤਰਾ ਦੌਰਾਨ ਇਨ੍ਹਾਂ ਮਜ਼ਦੂਰਾਂ ਅਤੇ ਉਨ੍ਹਾਂ ਵਰਗੇ ਹੋਰ ਮਜ਼ਦੂਰਾਂ ਦੇ ਉਤਸ਼ਾਹ ਦੀਆਂ ਕੁਝ ਕਹਾਣੀਆਂ ਸਾਂਝੇ ਕਰਨਗੇ ।