Raids on distilleries : ਪੰਜਾਬ ਅੰਦਰ ਨਾਜਾਇਜ਼ ਸ਼ਰਾਬ ਦੇ ਮਾਮਲੇ ’ਤੇ ਚਾਰੇ ਪਾਸਿਓਂ ਘਿਰੀ ਪੰਜਾਬ ਸਰਕਾਰ ’ਤੇ ਇਸ ਮਸਲੇ ‘ਚ ਸਰਕਾਰ ’ਤੇ ਦਬਾਅ ਸਾਫ ਦਿਖਾਈ ਦੇਣ ਲੱਗਾ ਹੈ। ਆਬਕਾਰੀ ਅਤੇ ਕਰ ਵਿਭਾਗ ਵੱਲੋਂ ਵੱਖ-ਵੱਖ ਡਿਸਟਲਰੀਜ਼ ਵਿਚ ਵੱਡੇ ਪੱਧਰ ’ਤੇ ਛਾਪੇ ਮਾਰੇ ਗਏ। ਇਸ ਦੇ ਨਾਲ ਹੀ ਵਿਭਾਗ ਦੇ 22 ਐਕਸਾਈਜ਼ ਐਂਡ ਟੈਕਸੇਸ਼ਨ ਅਧਿਕਾਰਆਂ ਤੇ 73 ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰਾਂ ਦਾ ਤਬਾਦਲਾ ਕਰ ਦਿੱਤਾ ਗਿਆ।
ਇਸ ਬਾਰੇ ਵਿੱਤ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ ਪ੍ਰਿੰਸੀਪਲ ਸਕੱਤਰ ਏ.ਵੇਣੂ ਪ੍ਰਸਾਦ ਦਾ ਕਹਿਣਾ ਹੈ ਕਿ ਸੀ.ਐਮ ਪੰਜਾਬ ਵੱਲੋਂ ਉਨ੍ਹਾਂ ਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਕੁਤਾਹੀ ਵਰਤਣ ਵਾਲੇ ਨੂੰ ਬਖਸ਼ਿਆ ਨਾ ਜਾਏ। ਉਨ੍ਹਾਂ ਕਿਹਾ ਕਿ ਡਿਸਟਿਲਰੀਆਂ ਅੰਦਰ ਸਟਾਕ ਚੈਕਿੰਗ ਕੀਤੀ ਗਈ ਹੈ, ਜਿਸ ‘ਚ ਕੁਝ ਥਾਵਾਂ ‘ਤੇ ਰਿਕਾਰਡ ਸਹੀ ਨਹੀਂ ਮਿਲਿਆ। ਉਹ ਸੀਲ ਕਰ ਕੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ ਵੇਚਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸੀਨੀਅਰ ਕਾਂਗਰਸੀ ਲੀਡਰ ਰਾਣਾ ਗੁਰਜੀਤ ਸਿੰਘ ਦੀ ਡਿਸਟਿਲਰੀ ਦੀ ਵੀ ਚੈਕਿੰਗ ਕੀਤੀ ਗਈ ਅਤੇ ਉਥੋਂ ਵੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਇਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ’ਤੇ ਪਟਿਆਲਾ ਵਿਚ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੇ ਜਾਣ, ਚੀਫ ਸੈਕਟਰੀ ਕਰਨ ਅਵਤਾਰ ਸਿੰਘ ਦੇ ਬੇਟੇ ਦੀ ਡਿਸਟਲਰੀ ਵਿਚ ਹਿੱਸੇਦਾਰੀ ਹੋਣ ਅਤੇ ਕਰਫਿਊ ਦੌਰਾਨ ਧੜੱਲੇ ਨਾਲ ਨਾਜਾਇਜ਼ ਸ਼ਰਾਬ ਦੀ ਵਿਕਰੀ ਦੀ ਜਾਂਚ ਦਾ ਕਾਫੀ ਦਬਾਅ ਸੀ। ਇਸ ਦੇ ਚੱਲਦਿਆਂ ਆਬਕਾਰੀ ਤੇ ਕਰ ਵਿਬਾਗ ਦੀਆਂ ਟੀਮਾਂ ਨੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਪਟਿਆਲਾ ਅਤੇ ਬਠਿੰਡਾ ਵਿਚ ਸਥਿਤ ਡਿਸਟਲਰੀਜ਼ ਦੀ ਜਾਂਚ ਕੀਤੀ। ਸ਼ੁੱਕਰਵਾਰ ਨੂੰ ਅੱਠ ਡਿਸਟਲਰੀਆਂ ਦੀ ਜਾਂਚ ਹੋਈ, ਜਦਕਿ ਬਾਕੀ ਸੱਤ ਵਿਚੋਂ ਕੁਝ ਦੀ ਇਕ ਦਿਨ ਪਹਿਲਾਂ ਹੋਈ ਸੀ। ਵਿਭਾਗ ਇਸ ਨੂੰ ਰੁਟੀਨ ਜਾਂਚ ਦੱਸ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਤ ਸਾਲ ਦੀ ਸ਼ੁਰੂਆਤ ਵਿਚ ਇਹ ਜਾਂਚ ਹੁੰਦੀ ਹੈ। ਇਸ ਵਾਰ ਲੌਕਡਾਊ ਕਾਰਨ ਜਾਂਚ ਵਿਚ ਦੇਰ ਹੋਈ ਹੈ। ਇਸ ਦੇ ਨਾਲ ਹੀ ਵਿਭਾਗ ਨੇ ਡਿਸਟਲਰੀ ਵਿਚ ਤਾਇਨਾਤ ਇੰਸਪੈਕਟਰ ਤੇ ਅਧਿਕਾਰੀਆਂ ਦੇ ਤਬਾਦਲੇ ਵੀ ਕਰ ਦਿੱਤੇ ਗਏ ਹਨ।