Railways releases list: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਲਾਕਡਾਊਨ ਦੇ ਵਿਚਕਾਰ ਰੇਲਵੇ ਹੌਲੀ-ਹੌਲੀ ਯਾਤਰੀ ਸੇਵਾਵਾਂ ਦੀ ਬਹਾਲੀ ਵੱਲ ਵਧ ਰਿਹਾ ਹੈ । ਸ਼੍ਰਮੀਕ ਸਪੈਸ਼ਲ ਅਤੇ ਏਅਰਕੰਡੀਸ਼ਨਡ ਰਾਜਧਾਨੀ ਸਪੈਸ਼ਲ ਟ੍ਰੇਨਾਂ ਚਲਾਉਣ ਤੋਂ ਬਾਅਦ ਗੈਰ-ਏਅਰ ਕੰਡੀਸ਼ਨਡ ਸਪੈਸ਼ਲ ਟ੍ਰੇਨਾਂ ਵੀ 1 ਜੂਨ ਤੋਂ ਚੱਲਣ ਜਾ ਰਹੀਆਂ ਹਨ । ਇਸ ਦੇ ਨਾਲ ਹੀ ਇੱਕ ਵਿਸ਼ੇਸ਼ ਸ਼ਤਾਬਦੀ ਟ੍ਰੇਨ ਚਲਾਉਣ ਦੀ ਤਿਆਰੀ ਵੀ ਚੱਲ ਰਹੀ ਹੈ। ਰੇਲਵੇ ਵੱਲੋਂ ਇਹ ਫੈਸਲਾ ਗ੍ਰਹਿ ਮੰਤਰਾਲਾ ਅਤੇ ਸਿਹਤ ਮੰਤਰਾਲਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਜਿਸ ਤੋਂ ਬਾਅਦ ਟ੍ਰੇਨਾਂ ਦੀਆਂ ਟਿਕਟਾਂ ਦੀ ਆਨਲਾਈਨ ਬੁਕਿੰਗ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ । ਟਿਕਟ ਕੰਫਰਮ ਹੋਣ ‘;ਤੇ ਹੀ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ ।
ਇਸ ਮਾਮਲੇ ਵਿੱਚ ਰੇਲਵੇ ਨੇ ਕਿਹਾ ਹੈ ਕਿ ਇਹ ਟ੍ਰੇਨਾਂ ਪੂਰੀ ਤਰ੍ਹਾਂ ਰਾਖਵੀਆਂ ਰਹਿਣਗੀਆਂ, ਜਿਨ੍ਹਾਂ ਵਿੱਚ ਏਸੀ ਅਤੇ ਨਾਨ-ਏਸੀ ਸ਼੍ਰੇਣੀਆਂ ਹੋਣਗੀਆਂ । ਆਮ ਕੋਚਾਂ ਕੋਲ ਬੈਠਣ ਲਈ ਵੀ ਰਾਖਵੀਂਆਂ ਸੀਟਾਂ ਹੋਣਗੀਆਂ । ਇਸ ਤੋਂ ਪਹਿਲਾਂ ਰੇਲਵੇ ਵੱਲੋਂ 1 ਜੂਨ ਤੋਂ ਚੱਲਣ ਵਾਲੀਆਂ 200 ਟ੍ਰੇਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ।
ਦਰਅਸਲ, ਇਨ੍ਹਾਂ 100 ਟ੍ਰੇਨਾਂ ਵਿੱਚੋਂ ਮੁੱਖ ਟ੍ਰੇਨਾਂ ਗੋਰਖਪੁਰ ਤੋਂ ਮੁੰਬਈ ਜਾਣ ਵਾਲੀ ਕੁਸ਼ੀਨਗਰ ਐਕਸਪ੍ਰੈਸ, ਲਖਨਊ ਮੇਲ, ਪ੍ਰਯਾਗਰਾਜ ਐਕਸਪ੍ਰੈਸ, ਕੋਣਾਰਕ ਐਕਸਪ੍ਰੈਸ, ਸ਼ਿਵਗੰਗਾ ਐਕਸਪ੍ਰੈਸ, ਪੁਸ਼ਪਕ ਐਕਸਪ੍ਰੈਸ, ਸ਼੍ਰਮ ਸ਼ਕਤੀ ਐਕਸਪ੍ਰੈਸ, ਤੇਲੰਗਾਨਾ ਐਕਸਪ੍ਰੈਸ, ਹਾਵੜਾ-ਮੁੰਬਈ ਮੇਲ, ਚੰਪਾਰਣ ਸੱਤਿਆਗ੍ਰਹਿ ਐਕਸਪ੍ਰੈਸ, ਗੋਰਖਧਾਮ ਐਕਸਪ੍ਰੈਸ ਆਦਿ ਹਨ ।
ਇਸ ਸਬੰਧੀ ਰੇਲਵੇ ਮੰਤਰੀ ਪੀਯੂਸ਼ ਗੋਇਲ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਲਿਖਿਆ ਕਿ ਰੇਲਵੇ 1 ਜੂਨ ਤੋਂ 200 ਨਾਨ ਏਸੀ ਟ੍ਰੇਨਾਂ ਸ਼ੁਰੂ ਕਰੇਗੀ, ਜੋ ਸਮਾਂ ਸਾਰਣੀ ਅਨੁਸਾਰ ਚੱਲਣਗੀਆਂ । ਯਾਤਰੀ ਸਿਰਫ ਇਨ੍ਹਾਂ ਟ੍ਰੇਨਾਂ ਲਈ ਹੀ ਟਿਕਟਾਂ ਟਿਕਟ ਬੁੱਕ ਕਰ ਸਕਣਗੇ । ਇਨ੍ਹਾਂ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੰਜ਼ਲਾਂ ਤੱਕ ਪਹੁੰਚਣ ਵਿੱਚ ਸਹੂਲਤ ਮਿਲੇਗੀ । ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਜੂਨ ਵਿੱਚ ਹੋਰ ਵਿਸ਼ੇਸ਼ ਟ੍ਰੇਨਾਂ ਚਲਾਉਣ ‘ਤੇ ਜ਼ੋਰ ਦਿੱਤਾ ਜਾਵੇਗਾ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਨਿਯਮਤ ਟ੍ਰੇਨਾਂ ਦੇ ਚੱਲਣ ਦੀ ਉਮੀਦ ਹੈ ।