ਅਲਵਿਦਾ ‘ਰਾਜਵੀਰ’। ਗਾਇਕੀ ਦੇ ਰਾਜ ਦਾ ਅੰਤ ਹੋ ਗਿਆ ਤੇ ਸੁਰਾਂ ਦਾ ਚਿਰਾਗ ਹਮੇਸ਼ਾ ਲਈ ਬੁਝ ਗਿਆ। ਪੰਜਾਬ ਦਾ ਸੋਹਣਾ ਗੱਭਰੂ ਰਾਜਵੀਰ ਜਵੰਦਾ ਪੰਜ ਤੱਤਾਂ ਵਿਚ ਵਿਲੀਨ ਹੋ ਗਿਆ। ਇਸ ਮੌਕੇ ਮਾਂ, ਪਤਨੀ ਸਣੇ ਉਥੇ ਮੌਜੂਦ ਹਰ ਇਕ ਬੰਦੇ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ। ਹਰ ਕਿਸੇ ਦੀ ਅੱਖ ਨਮ ਸੀ। ਰਾਜਵੀਰ ਜਵੰਦਾ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਵੰਦਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਸਨ। ਅੰਤਿਮ ਰਸਮਾਂ ਵਿਚ ਵੀ ਉਨ੍ਹਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਕਲਾਕਾਰ ਰਾਜਵੀਰ ਜਵੰਦਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸੀ ਜੋ ਘਾਟਾ ਪਰਿਵਾਰ ਤੇ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਹੈ। ਅੱਜ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ (ਜਗਰਾਓਂ) ਵਿਖੇ ਅੰਤਿਮ ਸਸਕਾਰ ਵਿਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਰਾਜਵੀਰ ਜਵੰਦਾ ਦਾ ਪੰਜਾਬ ਤੇ ਪੰਜਾਬੀਆਂ ਲਈ ਪਾਇਆ ਅਣਮੁੱਲਾ ਯੋਗਦਾਨ ਹਮੇਸ਼ਾ ਅਭੁੱਲ ਰਹੇਗਾ।
ਸਸਕਾਰ ਤੋਂ ਪਹਿਲਾਂ ਰਾਜਵੀਰ ਦੀ ਆਖਰੀ ਤਸਵੀਰ ਵੀ ਸਾਹਮਣੇ ਆਈ ਸੀ ਜਿਸ ਵਿਚ ਉਨ੍ਹਾਂ ਨੇ ਪੱਗ ਨਾਲ ਮੈਚਿੰਗ ਟਾਈਪ ਬੰਨ੍ਹੀ ਹੋਈ ਹੈ। ਰਾਜਵੀਰ ਜਵੰਦਾ ਨੇ ਭਰੀ ਜਵਾਨੀ ‘ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਵੱਡੀ ਗਿਣਤੀ ਵਿਚ ਸਾਥੀ ਕਲਾਕਾਰ ਤੇ ਮਿੱਤਰ, ਸਬੰਧੀ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ। ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਦੇ ਹੀ ਸਰਕਾਰੀ ਸਕੂਲ ਦੀ ਗਰਾਊਂਡ ਵਿਚ ਕੀਤਾ ਗਿਆ। ਇਥੇ ਹੀ ਉਨ੍ਹਾਂ ਦੀ ਯਾਦਗਾਰ ਵੀ ਬਣਾਈ ਜਾ ਸਕਦੀ ਹੈ। ਇਥੇ ਹੀ ਉਨ੍ਹਾਂ ਨੇ ਪਹਿਲੀ ਵਾਰ ਗਾਇਆ ਵੀ ਸੀ।
ਦੱਸ ਦੇਈਏ ਜਵੰਦਾ ਦਾ ਬੀਤੇ ਦਿਨੀਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ।ਉਨ੍ਹਾਂ ਨੇ ਬੀਤੇ ਕੱਲ੍ਹ 10.55 ਵਜੇ ਆਖਰੀ ਸਾਹ ਲਿਆ। ਹਸਪਤਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਜਵੰਦਾ ਦਾ ਮਲਟੀ ਆਰਗਨ ਫੇਲੀਅਰ ਹੋਣ ਕਰਕੇ ਦੇਹਾਂਤ ਹੋ ਗਿਆ। ਦੇਹਾਂਤ ਦੇ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਪਹਿਲਾਂ ਮੋਹਾਲੀ ਵਿਚ ਉਨ੍ਹਾਂ ਦੇ ਸੈਕਟਰ-71 ਸਥਿਤ ਘਰ ਲਿਜਾਈ ਗਈ ਜਿਥੇ ਮਾਂ, ਪਤਨੀ ਤੇ ਬੱਚਿਆਂ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਇਸ ਦੇ ਬਾਅਦ ਮੋਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਕਰਾਇਆ ਗਿਆ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਸਾਥੀ ਕਲਾਕਾਰ ਤੇ ਰਿਸ਼ਤੇਦਾਰ, ਪੂਰੇ ਪਿੰਡ ‘ਚ ਛਾਇਆ ਮਾਤਮ
ਇਸ ਦੇ ਬਾਅਦ ਉਨ੍ਹਾਂ ਦੀ ਦੇਹ ਸ਼ਾਮ ਨੂੰ ਹੀ ਜੱਦੀ ਪਿੰਡ ਪੋਨਾ ਪਹੁੰਚਾਈ ਗਈ। ਇਥੇ ਉਨ੍ਹਾਂ ਦੀ ਦੇਹ ਨੂੰ ਜੱਦੀ ਘਰ ਵਿਚ ਰੱਖਿਆ ਗਿਆ ਹੈ। ਅੱਜ ਸਵੇਰੇ ਉਨ੍ਹਾਂ ਦੀ ਦੇਹ ਅੰਤਿਮ ਦਰਸ਼ਨ ਲਈ ਰੱਖੀ ਗਈ ਹੈ। ਗਾਇਕ ਨੂੰ ਅੰਤਿਮ ਵਿਦਾਈ ਦੇਣ ਲਈ ਦੋਸਤਾਂ ਤੇ ਫੈਨਸ ਦੀ ਵੱਡੀ ਭੀੜ ਇਕੱਠੀ ਹੋਈ ਹੈ। ਦੱਸ ਦੇਈਏ ਕਿ ਜਵੰਦਾ ਨੂੰ 27 ਸਤੰਬਰ ਨੂੰ ਦੁਪਹਿਰ ਲਗਭਗ ਪੌਣੇ 2 ਵਜੇ ਫੋਰਟਿਸ ਹਸਪਤਾਲ ਲਿਜਾਇਆ ਗਿਆ। ਇਸ ਦੇ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਪਹਿਲਾਂ 4 ਲਾਈਫ ਸਪੋਰਟ ਸਿਸਟਮ ‘ਤੇ ਰ4ਖਿਆ। ਇਥੇ ਸਿਰਫ 29 ਸਤੰਬਰ ਨੂੰ ਉਨ੍ਹਾਂ ਦੀ ਸਿਹਤ ਵਿਚ ਹਲਕਾ ਜਿਹਾ ਸੁਧਾਰ ਦਿਖਿਆ ਪਰ ਰੀੜ੍ਹ ਦੀ ਹੱਡੀ ਵਿਚ ਸੱਟ ਨਾਲ ਉਨ੍ਹਾਂ ਦਾ ਬ੍ਰੇਨ ਡੈਮੇਜ ਹੋ ਚੁੱਕਾ ਸੀ। ਬ੍ਰੇਨ ਵਿਚ ਆਕਸੀਜਨ ਦੀ ਸਪਲਾਈ ਨਹੀਂ ਜਾ ਰਹੀ ਸੀ। ਇਸ ਵਜ੍ਹਾ ਤੋਂ ਡਾਕਟਰਾਂ ਨੇ ਵੀ 3 ਅਕਤੂਬਰ ਤੋਂ ਬਾਅਦ ਮੈਡੀਕਲ ਬੁਲੇਟਿਨ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਬਾਰੇ ਦੱਸਣ ਲਈ ਕੁਝ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
























