Ranjit Singh became the first : ਗੁਰਦਾਸਪੁਰ ਦੇ ਰਣਜੀਤ ਸਿੰਘ ਗੋਰਾਇਆ ਨੇ ਫਰਾਂਸ ਵਿਚ ਪਹਿਲੇ ਸਿੱਖ ਡਿਪਟੀ ਮੇਅਰ ਵਜੋਂ ਚੁਣੇ ਜਾਣ ’ਤੇ ਪੂਰੇ ਪੰਜਾਬ ਤੇ ਸਿੱਖ ਜਗਤ ਦਾ ਮਾਣ ਵਧਾਇਆ ਹੈ। ਉਹ ਫਰਾਂਸ ਵਿਚ ਬੋਬਿਨੀ ਸ਼ਹਿਰ ਦੇ ਪਹਿਲੇ ਡਿਪਟੀ ਮੇਅਰ ਨਿਯੁਕਤ ਹੋਏ ਹਨ। ਰਣਜੀਤ ਗੁਰਦਾਸਪੁਰ ਦੇ ਪਿੰਡ ਸੇਖਾਂ ਦੇ ਰਹਿਣ ਵਾਲੇ ਹਨ। ਫਰਾਂਸ ਵਿਚ ਡਿਪਟੀ ਮੇਅਰ ਵਜੋਂ ਚੁਣੇ ਜਾਣਾ ਇਕ ਬਹੁਤ ਵੱਡੀ ਪ੍ਰਾਪਤੀ ਹੈ। ਰਣਜੀਤ ਸਿੰਘ ਸਿੱਖਸ ਆਫ ਫਰਾਂਸ ਸੰਸਥਾ ਦੇ ਪ੍ਰਧਾਨ ਵੀ ਹਨ।
ਦੱਸਣਯੋਗ ਹੈ ਕਿ ਫਰਾਂਸ ਦੇ ਸਕੂਲਾਂ/ ਕਾਲਜਾਂ ਵਿਚ ਪੱਗ, ਹਿਜਾਬ ਸਣੇ ਕੋਈ ਵੀ ਧਾਰਮਿਕ ਪ੍ਰਤੀਕ ਲਿਜਾਣ ’ਤੇ ਪਾਬੰਦੀ ਹੋਣ ਦੇ ਚੱਲਦਿਆਂ ਸਾਲ 2004 ਵਿਚ ਰਣਜੀਤ ਸਿੰਘ ਗੋਰਾਇਆ ਨੂੰ ਵੀ ਪੱਗ ਪਹਿਨਣ ਕਾਰਨ ਸਰਕਾਰੀ ਕਾਲਜ ਤੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਨੇ ਘਰ ’ਚ ਰਹਿ ਕੇ ਹੀ ਵਕਾਲਤ ਦੀ ਪੜ੍ਹਾਈ ਕਰਕੇ ਡਿਗਰੀ ਹਾਸਲ ਕੀਤੀ ਅਤੇ ਸ਼ਹਿਰ ਦੇ ਮਸ਼ਹੂਰ ਵਕੀਲਾਂ ਵਿਚ ਸ਼ਾਮਲ ਹੋ ਗਏ।
ਦੱਸਣਯੋਗ ਹੈ ਕਿ ਰਣਜੀਤ ਸਿੰਘ ਦਾ ਜਨਮ ਫਰਾਂਸ ਵਿਚ ਹੀ ਹੋਇਆ ਸੀ। ਉਨ੍ਹਾਂ ਦੀ ਪਤਨੀ ਪ੍ਰੀਤੀ ਵੀ ਭਾਰਤ ਨਾਲ ਹੀ ਸਬੰਧ ਰਖਦੀ ਸੀ। ਉਨ੍ਹਾਂ ਦੇ ਪਿਤਾ ਲਗਭਗ 40 ਸਾਲ ਪਹਿਲਾਂ ਫਰਾਂਸ ਗਏ ਸਨ, ਜਿਥੇ ਉਨ੍ਹਾਂ ਦਾ ਹੋਟਲ ਦਾ ਕੰਮ ਹੈ। ਉਹ ਉਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ। ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਪਿੰਡ ਸੇਖਾਂ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਘਰ ਵਧਾਈਆਂ ਦੇਣ ਵਾਲਿਆਂ ਦਾ ਆਉਣਾ-ਜਾਣਾ ਲੱਗਾ ਹੋਇਆ ਹੈ। ਸਾਲ 2018 ਵਿਚ ਰਣਜੀਤ ਭਾਰਤ ਆਏ ਸਨ ਅਤੇ ਉਨ੍ਹਾਂ ਨੇ ਪਿੰਡ ਨੂੰ ਗੋਦ ਲੈ ਕੇ ਸੀਵਰੇਜ ਪ੍ਰਾਜੈਕਟ ਸਣੇ ਵਿਕਾਸ ਕਾਰਜਾਂ ਦਾ ਖਰੜਾ ਤਿਆਰ ਕੀਤਾ ਸੀ। ਇਸ ਸਾਲ ਉਨ੍ਹਾਂ ਨੇ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰਵਾਉਣ ਕਾਰਨ ਭਾਰਤ ਆਉਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਉਨ੍ਹਾਂ ਦਾ ਆਉਣਾ ਸੰਭਵ ਨਹੀਂ ਹੋ ਸਕਿਆ।