Reality stated on Facebook : ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਦੇ ਅੰਗ ਕੱਢਣ ਸਬੰਧੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ’ਤੇ ਹਸਪਤਾਲ ਦੀ ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ ਨੇ ਫੁਸਬੁੱਕ ’ਤੇ ਲਾਈਵ ਹੋ ਕੇ ਇਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਇਸ ਨੂੰ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ। ਉਨ੍ਹਾਂ ਲੋਕਾਂ ਨੂੰ ਅਜਿਹੀਆਂ ਅਫਵਾਹਾਂ ’ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਸਟਾਫ ਅਤੇ ਬਾਕੀ ਮਰੀਜ਼ ਮੌਜੂਦ ਰਹਿੰਦੇ ਹਨ ਅਤੇ ਇਸ ਦੀ ਆਈਸੋਲੇਸ਼ਨ ਫੈਸੀਲਿਟੀ ਵਿੱਚ ਕੋਈ ਆਪ੍ਰੇਸ਼ਨ ਥੀਏਟਰ ਹੀ ਨਹੀਂ ਤਾਂ ਅਜਿਹੇ ਵਿੱਚ ਕਿਸੇ ਵੀ ਤਰ੍ਹਾਂ ਤੋਂ ਹਸਪਤਾਲ ਵਿੱਚ ਅਜਿਹਾ ਕਰਨਾ ਸੰਭਵ ਹੀ ਨਹੀਂ ਹੈ। ਉਸ ਤੋਂ ਇਲਾਵਾ ਉਨ੍ਹਾਂ ਲਕੁਝ ਲੋਕਾਂ ਵੱਲੋਂ ਪਾਜ਼ੀਟਿਵ ਮਰੀਜ਼ਾਂ ਲਈ ਡਾਕਟਰਾਂ ਜਾਂ ਹਸਪਤਾਲ ਨੂੰ ਕੁਝ ਪੈਸੇ ਮਿਲਣ ਦੀਆਂ ਅਫਵਾਹਾਂ ਨੂੰ ਵੀ ਸਿਰੇ ਤੋਂ ਖਾਰਿਜ ਕੀਤਾ ਅਤੇ ਸਪੱਸ਼ਟ ਕੀਤਾ ਕਿ ਸਰਕਾਰ ਅਤੇ ਡਾਕਟਰਾਂ ਵੱਲੋਂ ਮਰੀਜ਼ ਵਧਾਉਣ ਦੀ ਕੋਈ ਪ੍ਰਕਿਰਿਆ ਨਹੀਂ ਚੱਲ ਰਹੀ ਹੈ, ਸਗੋਂ ਮਰੀਜ਼ਾਂ ਨੂੰ ਅਸਲ ’ਚ ਬੀਮਾਰ ਹੋਣ ’ਤੇ ਹੀ ਹਸਪਤਾਲ ਵਿੱਚ ਦਾਖਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਸਪਤਾਲ ਨੂੰ ਮਰੀਜ਼ਾਂ ਦੇ ਇਲਾਜ ਲਈ ਫੰਡ ਮੁਹੱਈਆ ਕਰਵਾਏ ਜਾਂਦੇ ਹਨ।
ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ ਨੇ ਲੋਕਾਂ ਨੂੰ ਇਨ੍ਹਾਂ ਝੂਠੀਆਂ ਅਫਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਕਰਦਿਆਂ ਫੇਸਬੁੱਕ ’ਤੇ ਲਾਈਵ ਹੋ ਕੇ ਲੋਕਾਂ ਦੇ ਕਈ ਸਵਾਲਾਂ ਦਾ ਜਵਾਬ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਵੈਂਟੀਲੇਟਰ ’ਤੇ ਪੂਰੀ ਦੁਨੀਆ ਦੇ ਮਰੀਜ਼ਾਂ ਦੀ ਮੌਤ ਦਰ ਸਭ ਤੋਂ ਵੱਧ ਹੈ ਹਾਲਾਂਕਿ ਹੁਣ ਤੱਕ ਵੈਂਟੀਲੇਟਰ ’ਤੇ ਰਖੇ ਤਿੰਨ ਮਰੀਜ਼ ਰਜਿੰਦਰਾ ਹਸਪਤਾਲ ਤੋਂ ਸਿਹਤਯਾਬ ਹੋਏ ਹਨ। ਕਿਉਂਕਿ ਵੈਂਟੀਲੇਟਰ ’ਤੇ ਬਹੁਤ ਹੀ ਗੰਭੀਰ ਮਰੀਜ਼ਾਂ ਨੂੰ ਰਖਿਆ ਜਾਂਦਾ ਹੈ ਤਾਂ ਉਨ੍ਹਾਂ ਦੀ ਮੌਤ ਦੌਰ ਵੱਧ ਹੋਣੀ ਸੁਭਾਵਕ ਹੈ। ਕੋਵਿਡ ਵਾਰਡ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਆਮ ਲੋਕਾਂ ਨੂੰ ਦਿਖਾਉਣ ਸਬੰਧੀ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਇਸ ਨੂੰ ਨੈਤਿਕ ਤੌਰ ’ਤੇ ਗਲਤ ਠਹਿਰਾਇਆ ਅਤੇ ਮਰੀਜ਼ਾਂ ਦੀ ਪ੍ਰਾਈਵੇਸੀ ਪ੍ਰਭਾਵਿਤ ਹੋਣ ਨੂੰ ਇਸ ਦਾ ਇਕ ਕਾਰਨ ਦੱਸਿਆ।