Recommendation to FCI to amend : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਮਐਸਪੀ ‘ਤੇ ਕਣਕ ਦੀ ਖਰੀਦ ‘ਤੇ ਸਖਤ ਕੀਤ ਨਿਯਮਾਂ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਐਫਸੀਆਈ ਨੂੰ ਇਨ੍ਹਾਂ ਹੁਕਮਾਂ ਨੂੰ ਸੋਧਣ ਦੀ ਸਿਫਾਰਿਸ਼ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਕਣਕ ਦੀ ਖਰੀਦ ਚੱਲੀ ਆ ਰਹੀ ਹੈ ਅਤੇ ਫਿਰ ਵੀ ਚੰਗੀ ਗੁਣਵੱਤਾ ਵਾਲੇ ਅਨਾਜ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਗਿਆ ਹੈ। ਉਹ ਭੋਜਨ ਗਰੇਡ ਦੇ ਮਿਆਰਾਂ ਦੇ ਅਨੁਸਾਰ ਵੀ ਹਨ। ਐਫਸੀਆਈ ਵੱਲੋਂ ਜਾਰੀ ਕੀਤੇ ਇਹ ਹੁਕਮ ਅਨਾਜ ਦੀ ਨਿਰਵਿਘਨ ਖਰੀਦ ਕਾਰਜਾਂ ਨੂੰ ਗੰਭੀਰ ਰੂਪ ਵਿੱਚ ਰੁਕਾਵਟ ਪਾਉਣਗੀਆਂ।
ਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਵਿਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਐਫਸੀਆਈ ਨੇ ਕਣਕ ਖਰੀਦ ਸੰਬੰਧੀ ਨਿਯਮ ਸਖਤ ਕਰਦੇ ਹੋਏ ਕਿਹਾ ਸੀ ਕਿ ਨਮੀ ਦੀ ਸੀਮਾ ਨੂੰ 14 ਫੀਸਦੀ ਤੋਂ ਘਟਾ ਕੇ 12 ਫੀਸਦੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਖਰਾਬ ਦਾਣਿਆਂ ਦੀ ਹੱਦ ਨੂੰ ਵੀ 4 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰਨ ਲਈ ਕਿਹਾ ਗਿਆ ਹੈ। ਫਾਰੇਨ ਮੈਟਰ ਦੀ ਦੋ ਫੀਸਦੀ ਤੋਂ ਘਟਾ ਕੇ ਇੱਕ ਫੀਸਦੀ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਖਰਾਬ ਦਾਣੇ 5 ਫੀਸਦੀ ਤੋਂ ਘਟਾ ਕੇ 3 ਫੀਸਦੀ ਕਰਨ ਲਈ ਕਿਹਾ ਗਿਆ ਹੈ, ਜਦਕਿ ਲੋਅਰ ਕੁਆਲਿਟੀ ਝੋਨੇ ਦੀ ਸੀਮਾ 6 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਲਈ ਕਿਹਾ ਗਿਆ ਹੈ। ਉਥੇ ਹੀ ਐਫਸੀਆਈ ਨੇ ਚੌਲਾਂ ਦੀ ਖਰੀਦ ਲਈ ਵੀ ਨਿਯਮ ਸਖਤ ਕਰ ਦਿੱਤੇ ਹਨ, ਜਿਸ ਅਧੀਨ ਚੌਲਾਂ ਦੀ ਖਰੀਦ ਲਈ ਰਿਫਰੈਕਸ਼ਨ ਨੂੰ 25 ਫੀਸਦੀ ਤੋਂ ਘਟਾ ਕੇ 20 ਫੀਸਦੀ ਕਰਨ ਦੀ ਤਜਵੀਜ਼ ਹੈ। ਇਸ ਦੇ ਨਾਲ ਹੀ ਚੌਲਾਂ ਵਿਚ ਨਮੀ ਦੀ ਹੱਦ ਨੂੰ 15 ਫੀਸਦੀ ਤੋਂ ਘਟਾ ਕੇ 14 ਪ੍ਰਤੀਸ਼ਤ ਕਰਨ ਦੀ ਤਜਵੀਜ਼ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਸਤਾਵ ਹਿੱਸੇਦਾਰਾਂ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰੇ ਤੋਂ ਬਿਨਾਂ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਮੁਸੀਬਤਾਂ ਵਧਣਗੀਆਂ ਅਤੇ ਉਨ੍ਹਾਂ ਦੀ ਆਮਦਨੀ ਬਹੁਤ ਜ਼ਿਆਦਾ ਘਟ ਸਕਦੀ ਹੈ। ਕਿਸਾਨ ਪਹਿਲਾਂ ਹੀ ਬਹੁਤ ਵਿੱਤੀ ਤਣਾਅ ਵਿਚ ਹਨ, ਜੋ ਕਿ ਚੱਲ ਰਹੇ ਕੋਰੋਨਾ ਸੰਕਟ ਕਾਰਨ ਹੋਰ ਵਧ ਗਏ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਐਫਸੀਆਈ ਨੂੰ ਪਹਿਲਾਂ ਵਾਂਗ ਹੀ ਕਣਕ ਤੇ ਝੋਨੇ ਦੀ ਦੀ ਖਰੀਦ ਕਰਨ ਦੀਆਂ ਹਿਦਾਇਤਾਂ ਦੇਣ।