Recruitment for 2280 posts : ਚੰਡੀਗੜ੍ਹ : ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ “ਘਰ-ਘਰ ਰੋਜ਼ਗਾਰ” ਅਧੀਨ ਸੂਬੇ ਵਿੱਚ ਵਿੱਢੀ ਗਈ ਵੱਡੀ ਭਰਤੀ ਮੁਹਿੰਮ ਅਧੀਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ.ਐਸ.ਐਸ.ਐਸ.ਬੀ.) ਰਾਹੀਂ ਵੱਖ-ਵੱਖ ਵਿਭਾਗਾਂ ਵਿੱਚ 2,280 ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਇਸ਼ਤਿਹਾਰ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ। ਇਹ ਜਾਣਕਾਰੀ ਅੱਜ ਇੱਥੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਦਿੱਤੀ।
ਇਨ੍ਹਾਂ ਵਿੱਚ ਜੇਲ੍ਹਾਂ ਵਿਭਾਗ ਵਿੱਚ ਵਾਰਡਨ ਅਤੇ ਮੈਟਰਨ ਦੀਆਂ 847 ਅਸਾਮੀਆਂ, ਲੋਕਾਂ ਲਈ ਤੇਜ਼ੀ ਨਾਲ ਇਨਸਾਫ਼ ਯਕੀਨੀ ਬਣਾਉਣ ਲਈ ਵੱਖ ਵੱਖ ਵਿਭਾਗਾਂ ਵਿੱਚ ਲੀਗਲ ਕਲਰਕ ਦੀਆਂ 199 ਅਸਾਮੀਆਂ, ਸਿੱਖਿਆ ਵਿਭਾਗ ਵਿੱਚ 807 ਲਾਇਬ੍ਰੇਰੀਅਨ, ਉਦਯੋਗ ਅਤੇ ਵਣਜ ਵਿਭਾਗ ਵਿਚ 56 ਸੀਨੀਅਰ ਉਦਯੋਗਿਕ ਵਿਕਾਸ ਅਫਸਰ, 61 ਬਲਾਕ ਪੱਧਰੀ ਐਕਸਟੈਂਸ਼ਨ ਅਫ਼ਸਰ, 51 ਆਬਕਾਰੀ ਅਤੇ ਕਰ ਨਿਰੀਖਕ, ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਵਿੱਚ 120 ਤਕਨੀਕੀ ਸਹਾਇਕ, ਸਮਾਜਿਕ ਸੁਰੱਖਿਆ ਵਿਭਾਗ ਵਿਚ 112 ਸੁਪਰਵਾਈਜ਼ਰ ਅਤੇ 27 ਮੱਛੀ ਪਾਲਣ ਅਧਿਕਾਰੀਆਂ ਦੀਆਂ ਅਸਾਮੀਆਂ ਭਰਨ ਲਈ ਭਰਤੀ ਮੁਹਿੰਮ ਚਲਾਈ ਜਾਵੇਗੀ। ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗਣ ਲਈ ਬੋਰਡ ਵੱਲੋਂ ਜਲਦ ਹੀ ਇਸ਼ਤਿਹਾਰ ਜਾਰੀ ਕੀਤੇ ਜਾਣਗੇ। ਇਸ ਵਿੱਚ ਮੈਰਿਟ-ਆਧਾਰਤ ਚੋਣ ਨੂੰ ਯਕੀਨੀ ਬਣਾਉਣ ਲਈ ਬੋਰਡ ਵੱਲੋਂ ਵੀਡੀਓਗ੍ਰਾਫੀ, ਜੈਮਰ ਅਤੇ ਬਾਇਓਮੈਟ੍ਰਿਕ ਤਕਨਾਲੋਜੀ ਦਾ ਪ੍ਰਬੰਧ ਕੀਤਾ ਜਾਵੇਗਾ।