ਕੋਲਕਾਤਾ ਵਿੱਚ ਬੁੱਧਵਾਰ ਨੂੰ ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਲੋਕ ਸੋਗ ਲਈ ਵੀਰਵਾਰ ਨੂੰ ਫਿਰੋਜ਼ਪੁਰ ਵਿਖੇ ਦਸ਼ਮੇਸ਼ ਨਗਰ ਵਿੱਚ ਉਸਦੀ ਰਿਹਾਇਸ਼ ਪਹੁੰਚੇ। ਜੈਪਾਲ ਦੀ ਮਾਂ ਵੀ ਵੀਰਵਾਰ ਨੂੰ ਆਪਣੇ ਘਰ ਪਹੁੰਚੀ। ਕੁਝ ਰਿਸ਼ਤੇਦਾਰ ਵੀ ਆਏ।
ਦੱਸਿਆ ਜਾ ਰਿਹਾ ਹੈ ਕਿ ਜੈਪਾਲ ਭੁੱਲਰ ਦਾ ਪਿਤਾ ਭੁਪਿੰਦਰ ਸਿੰਘ ਪੁੱਤਰ ਦੀ ਲਾਸ਼ ਲੈਣ ਰਵਾਨਾ ਹੋ ਗਏ ਹਨ। ਸ਼ੁੱਕਰਵਾਰ ਨੂੰ ਫਿਰੋਜ਼ਪੁਰ ਵਿੱਚ ਮ੍ਰਿਤਕ ਦੇਹ ਦੇ ਸੰਸਕਾਰ ਕੀਤੇ ਜਾਣ ਦੀ ਉਮੀਦ ਹੈ। ਪੰਜਾਬ ਪੁਲਿਸ ਲਈ ਸਿਰਦਰਦੀ ਬਣੇ ਅਤੇ ਜਗਰਾਓਂ ਦੀ ਦਾਣਾ ਮੰਡੀ ਵਿੱਚ ਦੋ ਥਾਣੇਦਾਰਾਂ ਦਾ ਕਤਲ ਕਰਨ ਵਾਲੇ ਏ ਕੈਟੇਗਰੀ ਦੇ ਖਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਬੀਤੇ ਦਿਨ ਐਨਕਾਊਂਟਰ ਕਰ ਦਿੱਤਾ ਗਿਆ ਸੀ।
ਜੈਪਾਲ 2003 ਵਿੱਚ ਅਪਰਾਧ ਦੀ ਦੁਨੀਆਂ ਵਿੱਚ ਸ਼ਾਮਲ ਹੋਇਆ ਸੀ। ਵੀਰਵਾਰ ਨੂੰ ਉਸ ਦੇ ਰਿਸ਼ਤੇਦਾਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਭੁੱਲਰ ਬਚਪਨ ਵਿਚ ਬਹੁਤ ਵਧੀਆ ਸੀ। ਉਹ ਅਪਰਾਧ ਦੀ ਦੁਨੀਆ ਵਿਚ ਕਦੋਂ ਚਲਾ ਗਿਆ, ਇਸ ਦਾ ਪਤਾ ਹੀ ਨਹੀਂ ਚੱਲਿਆ। ਉਸ ਦੇ ਨੇੜਲੇ ਸਾਬਕਾ ਲੋਕ ਸਭਾ ਮੈਂਬਰ ਧਿਆਨ ਸਿੰਘ ਮੰਡ ਨੇ ਦੱਸਿਆ ਕਿ ਉਸਨੇ ਜੈਪਾਲ ਨੂੰ ਇਸ ਤਰ੍ਹਾਂ ਹੀ ਵੱਡਾ ਹੁੰਦਾ ਵੇਖਿਆ, ਉਹ ਪੜ੍ਹਾਈ ਅਤੇ ਖੇਡਾਂ ਵਿੱਚ ਬਹੁਤ ਵਧੀਆ ਸੀ।
ਉਹ ਹੈਮਰ ਥ੍ਰੋ ਦਾ ਵਧੀਆ ਖਿਡਾਰੀ ਸੀ। ਹਾਲਾਂਕਿ ਉਸਦੇ ਮਾਪਿਆਂ ਨੇ ਉਸਨੂੰ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਰੋਕਣ ਲਈ ਬਹੁਤ ਸਮਝਾਇਆ ਪਰ ਉਹ ਸਮਝਿਆ ਨਹੀਂ। ਉਨ੍ਹਾਂ ਨੇ ਐਨਕਾਊਂਟਰ ’ਤੇ ਟਿੱਪਣੀ ਕਰਦਿਆਂ ਸ਼ੱਕ ਜ਼ਾਹਿਰ ਕੀਤਾ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਐਨਕਾਊਂਟਰ ਕਰਨਾ ਗਲਤ ਹੈ। ਇਸ ਤੋਂ ਪਹਿਲਾਂ ਬਹੁਤ ਸਾਰੇ ਗੈਂਗਸਟਰ ਫੜੇ ਜਾਂਦੇ ਸਨ, ਇਸ ਲਈ ਇਹ ਵੀ ਜਿਊਂਦਾ ਫੜਿਆ ਜਾ ਸਕਦਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਆਯੁਰਵੈਦਾ ਵਿਭਾਗ ’ਚ ਉਪਵੈਦ ਦੀਆਂ 166 ਅਸਾਮੀਆਂ ਦੇ ਨਤੀਜਿਆਂ ਦਾ ਐਲਾਨ
ਜੈਪਾਲ ਭੁੱਲਰ ਦੀ ਮਾਂ ਅਮਰਜੀਤ ਕੌਰ ਨੇ ਰੌਂਦੇ ਹੋਏ ਦੱਸਿਆ ਕਿ ਉਸਦਾ ਪੁੱਤਰ ਗੈਂਗਸਟਰ ਬਣਿਆ ਨਹੀਂ, ਉਸ ਨੂੰ ਬਣਾਇਆ ਗਿਆ ਸੀ। ਬਚਪਨ ਤੋਂ ਹੀ ਉਹ ਪੜ੍ਹਨ ਅਤੇ ਖੇਡਣ ਵਿਚ ਬਹੁਤ ਚੰਗਾ ਸੀ। ਉਸਨੇ ਕਦੇ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਹੜਾ ਉਨ੍ਹਾਂ ਦਾ ਸਿਰ ਨੀਵਾਂ ਹੋਵੇ। ਪਰ ਅਚਾਨਕ ਉਹ ਇਨ੍ਹਾਂ ਸਰਗਰਮੀਆਂ ਵਿੱਚ ਕਿਵੇਂ ਚਲਾ ਗਿਆ, ਇਹ ਉਨ੍ਹਾਂ ਲਈ ਵੀ ਇੱਕ ਵੱਡੀ ਹੈਰਾਨੀ ਵਾਲੀ ਗੱਲ ਹੈ। ਉਸਨੇ ਬੇਟੇ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਮਾਂ ਨੇ ਕਿਹਾ ਕਿ ਭੁੱਲਰ ਦਾ ਪਿਤਾ ਖ਼ੁਦ ਪੁਲਿਸ ਵਿਚ ਹੀ ਸੀ, ਸਾਰੀ ਉਮਰ ਦੂਸਰਿਆਂ ਦੇ ਬੱਚਿਆਂ ਨੂੰ ਸਲਾਹ ਦਿੰਦਾ ਰਿਹਾ, ਪਰ ਆਪਣੇ ਪੁੱਤਰ ਨੂੰ ਅਪਰਾਧੀ ਬਣਨ ਤੋਂ ਨਹੀਂ ਰੋਕ ਸਕਿਆ।