ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਦਿੱਲੀ-ਪਟਿਆਲਾ ਹਾਈਵੇ ’ਤੇ ਬੁੱਧਵਾਰ ਸਵੇਰੇ ਲਗਭਗ ਸਾਢੇ ਪੰਜ ਵਜੇ ਬੱਸ ਹਾਦਸਾ ਹੋ ਗਿਆ। ਮਜ਼ਦੂਰਾਂ ਨਾਲ ਭਰੀ ਬੱਸ ਸੜਕ ਕੰਢੇ ਉਤਰ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ ਲਗਭਗ 16 ਮਜ਼ਦੂਰ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਦੋ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾੰ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ ਹੈ। ਜ਼ਖਮੀ ਮਜ਼ਦੂਰਾਂ ਨੇ 100 ਨੰਬਰ ‘ਤੇ ਕਾਲ ਕੀਤੀ ਅਤੇ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਡੀਐਸਪੀ ਸਾਧੂਰਾਮ, ਨਾਇਬ ਤਹਿਸੀਲਦਾਰ ਵਰਿੰਦਰ ਕੁਮਾਰ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਭਿਜਵਾਇਆ।
ਮਿਲੀ ਜਾਣਕਾਰੀ ਮੁਤਾਬਕ ਬਿਹਾਰ ਕੇਸੂਪੌਲ ਜ਼ਿਲ੍ਹੇ ਦੇ ਗਿਦਰਾਹੀ ਅਤੇ ਕਟਈਆ ਪਿੰਡ ਤੋਂ ਡਰਾਈਵਰ ਸਣੇ 74 ਮਜ਼ਦੂਰ ਇਕ ਨਿੱਜੀ ਬੱਸ ਵਿਚ ਆ ਰਹੇ ਸਨ। ਉਨ੍ਹਾਂ ਨੂੰ ਝੋਨੇ ਦੀ ਲੁਆਈ ਲਈ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸਾਇਨਾ ਲਿਜਾਇਆ ਜਾ ਰਿਹਾ ਸੀ। ਕੁਝ ਵਰਕਰ ਬੱਸ ਦੇ ਉਪਰ ਬੈਠੇ ਸਨ। ਪਰ ਪਿੰਡ ਬੇਲਰਖਾ ਦੇ ਕੋਲ ਬੱਸ ਬੇਕਾਬੂ ਹੋ ਗਈ। ਬੱਸ ਵਿੱਚ ਲਗਭਗ 74 ਮੁਸਾਫਰ ਸਵਾਰ ਸਨ।
ਇਹ ਵੀ ਪੜ੍ਹੋ : ਹਰਿਆਣਾ ਦੀ ਸਾਬਕਾ ਸਿਹਤ ਮੰਤਰੀ ਦੀ ਬਲੈਕ ਫੰਗਸ ਨਾਲ ਮੌਤ, ਜਿਸ ਹਸਪਤਾਲ ਦਾ ਉਦਘਾਟਨ ਕੀਤਾ, ਉਥੇ ਲਿਆ ਆਖਰੀ ਸਾਹ
ਬੱਸ ਸੜਕ ਦੇ ਕੰਢੇ ਉਤਰ ਕੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਛੱਤ ‘ਤੇ ਬੈਠੇ ਮਜ਼ਦੂਰ ਉਛਲ ਕੇ ਹੇਠਾਂ ਡਿੱਗ ਪਏ ਅਤੇ ਪਿੰਡ ਗਿਦਰਾਹੀ ਵਾਸੀ 38 ਸਾਲਾ ਸੁਰੇਸ਼ ਮੰਡਲ ਅਤੇ ਪਿੰਡ ਕਟਈਆ ਵਾਸੀ 48 ਸਾਲਾ ਗਣੇਸ਼ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਸੁਰੇਸ਼ ਦੇ ਭਰਾ ਦਿਨੇਸ਼ ਦੇ ਬਿਆਨਾ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।