ਨਵਾਂਸ਼ਹਿਰ-ਰੋਪੜ ਨੈਸ਼ਨਲ ਹਾਈਵੇ ‘ਤੇ ਪਿੰਡ ਕਮਾਲਪੁਰ ਨੇੜੇ ਸਕੂਟਰ ਅਤੇ ਇਨੋਵਾ ਕਾਰ ਵਿਚਕਾਰ ਟੱਕਰ ਹੋ ਗਈ, ਜਿਸ ‘ਚ ਇਕ ਲੜਕੀ ਦੀ ਮੌਤ ਹੋ ਗਈ, ਜਦਕਿ ਦੋ ਕੁੜੀਆਂ ਗੰਭੀਰ ਜ਼ਖਮੀ ਹੋ ਗਈਆਂ। ਇੱਕ ਕੁੜੀ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ ਅਤੇ ਇੱਕ ਦਾ ਸਿਵਲ ਹਸਪਤਾਲ ਰੋਪੜ ਵਿੱਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਤਿੰਨੋਂ ਲੜਕੀਆਂ ਸਕੂਟਰ ‘ਤੇ ਪਿੰਡ ਮੰਡੇਰਾ ਮੰਡ ਨੂੰ ਜਾ ਰਹੀਆਂ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਲੋਹੜੀ ਮਨਾਉਣ ਲਈ ਪਿੰਡ ਬਾਗੋਵਾਲ ਤੋਂ ਵੱਖ-ਵੱਖ ਵਾਹਨਾਂ ਵਿੱਚ ਜਾ ਰਹੇ ਸਨ। ਜਦੋਂ ਉਹ ਪਿੰਡ ਕਮਾਲਪੁਰ ਮੁੱਖ ਮਾਰਗ ’ਤੇ ਕੱਟ ਤੋਂ ਪਿੰਡ ਮੰਡੇਰਾ ਮੰਡ ਵੱਲ ਮੁੜਨ ਲੱਗਾ ਤਾਂ ਰੋਪੜ ਸਾਈਡ ਤੋਂ ਆ ਰਹੀ ਇੱਕ ਆਰਜ਼ੀ ਨੰਬਰ ਦੀ ਇਨੋਵਾ ਕਾਰ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਪਿੰਡ ਬਾਗੋਵਾਲ ਦੇ ਰਾਕੇਸ਼ ਕੁਮਾਰ ਬਿੱਟੂ ਦੀ ਪੁੱਤਰੀ ਮੰਤਿਸਾ (15), ਤ੍ਰਿਸ਼ਨਾ (19) ਅਤੇ ਭਾਵਨਾ (8) ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਮੰਤਿਸਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਗੁਰਦਾਸਪੁਰ ਦਾ ਬਹਾਦਰ ਜਵਾਨ ਦੇਸ਼ ਲਈ ਹੋਇਆ ਕੁਰਬਾਨ, ਭਲਕੇ ਹੋਵੇਗੀ ਅੰਤਿਮ ਵਿਦਾਈ
ਭਾਵਨਾ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰ ਨੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਕਾਠਗੜ੍ਹ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦਾ ਪਿਤਾ ਰਾਕੇਸ਼ ਕੁਮਾਰ ਬਿੱਟੂ ਪਿੰਡ ਬਾਗੋਵਾਲ ਵਿੱਚ ਦਰਜ਼ੀ ਦੀ ਦੁਕਾਨ ਕਰਦਾ ਹੈ।