Robbery case at Lakhi Jewelers in Bathinda : ਬਠਿੰਡਾ ਦੀ ਗੋਨਿਆਣਾ ਮੰਡੀ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੋਂ 2 ਕਿੱਲੋ ਸੋਨੇ ਦੇ ਗਹਿਣੇ ਅਤੇ ਲਗਭਗ ਕਰੀਬ 5 ਕਿੱਲੋ ਚਾਂਦੀ ਦੇ ਗਹਿਣਿਆਂ ਅਤੇ ਸਵਾ ਲੱਖ ਦੇ ਕਰੀਬ ਨਕਦੀ ਦੀ ਲੁੱਟ ਮਾਮਲੇ ਵਿੱਚ ਪੁਲਿਸ ਵੱਲੋਂ ਅੱਜ ਦੋ ਹੋਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੁਟੇਰਿਆਂ ਕੋਲੋਂ ਭਾਰੀ ਮਾਤਰਾ ਵਿੱਚ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਐਸਪੀ ਭੁਪਿੰਦਰ ਸਿੰਘ ਵਿਰਕ ਨੇ ਨੇ ਦੱਸਿਆ ਕਿ 24 ਸਤੰਬਰ ਦੀ ਸ਼ਾਮ ਨੂੰ ਛੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਗੋਨਿਆਣਾ ਮੰਡੀ ਦੇ ਲੱਕੀ ਜਵੈਲਰ ਤੋਂ 2 ਕਿਲੋ ਸੋਨੇ ਅਤੇ 5 ਕਿਲੋ ਦੇ ਕਰੀਬ ਚਾਂਦੀ ਦੇ ਗਹਿਣਿਆਂ ਸਣੇ ਇੱਕ ਲੱਖ 20 ਹਜ਼ਾਰ ਰੁਪਏ ਨਕਦੀ ਦੀ ਲੁੱਟ ਕੀਤੀ ਗਈ ਸੀ। ਜਿਸ ਵਿੱਚ ਪੁਲਿਸ ਵੱਲੋਂ ਹੁਣ ਤੱਕ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ 71 ਤੋਲੇ ਸੋਨੇ ਦੇ ਗਹਿਣੇ ਅਤੇ ਲਗਭਗ ਢਾਈ ਕਿਲੋ ਚਾਂਦੀ ਦੇ ਗਹਿਣੇ ਅਤੇ 22 ਬੋਰ ਰਿਵਾਲਰ ਨਾਲ ਬ੍ਰੇਜਾ ਕਾਰ ਵੀ ਬਰਾਮਦ ਹੋਈ ਹੈ।
ਪੁਲਿਸ ਵੱਲੋਂ ਬਚੇ ਹੋਏ ਦੋਸ਼ੀਆਂ ’ਤੇ ਸ਼ਿਕੰਜਾ ਕਸਦੇ ਹੋਏ ਦੋ ਹੋਰ ਦੋਸ਼ੀਆਂ ਨੂੰ ਹੁਣ ਫਰੀਦਕੋਟ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 78.6 ਤੋਲੇ ਸੋਨੇ ਦੇ ਗਹਿਣੇ, 898 ਗ੍ਰਾਮ ਚਾਂਦੀ ਦੇ ਗਹਿਣੇ ਸਣੇ 12 ਬੋਰ ਦੇਸੀ ਪਿਸਤੌਲ ਸਣੇ ਚਾਰ ਰਾਊਂਡ ਅਪ ਬਰਾਮਦ ਕੀਤੇ ਗਏ। ਇਸ ਲੁੱਟ ਨੂੰ 6 ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹੁਣ ਤੱਕ ਦੋਸ਼ੀਆਂ ਕੋਲੋਂ 1 ਕਿਲੋ 500 ਗ੍ਰਾਮ ਸੋਨੇ ਦੇ ਗਹਿਣਿਆਂ ਅਤੇ 400 ਗ੍ਰਾਮ ਦੇ ਲਗਭਗ ਚਾਂਦੀ ਦੇ ਗਹਿਣੇ, 22 ਬੋਰ ਰਿਵਾਲਵਰ, ਇੱਕ ਦੇਸੀ ਪਿਸਤੋਲ 12 ਬੋਰ ਸਣੇ ਚਾਰ ਰਾਊਂਡ ਜ਼ਿੰਦਾ ਇੱਕ ਬ੍ਰਿਜ ਆਕਾਰ ਅਤੇ ਇੱਕ ਕਾਪਾ ਬਰਾਮਦ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਇੱਕ ਦੋਸ਼ੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਉਸ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਏਗਾ।