ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਬੀਤੇ ਦੋ ਦਿਨਾਂ ਤੋਂ ਭਾਰ ਮੀਂਹ ਪੈ ਰਿਹਾ ਹੈ, ਜੋਕਿ ਕਈ ਥਾਵਾਂ ‘ਤੇ ਕਹਿਰ ਬਣ ਕੇ ਵਰ੍ਹਿਆ, ਜਿਸ ਕਰਕੇ ਕਈ ਥਾਵਾਂ ‘ਤੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ।
ਪਟਿਆਲਾ ਦੇ ਪਾਤੜਾਂ ਵਿੱਚ ਇੱਕ ਘਰ ਦੇ ਡਿੱਗਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋਣ ਤੋਂ ਬਾਅਦ ਮੰਗਲਵਾਰ ਦੇਰ ਰਾਤ ਲੁਧਿਆਣਾ ਦੇ ਰਾਹੋਂ ਰੋਡ ‘ਤੇ ਪਿੰਡ ਕਨੇਜਾ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਚਾਰ ਲੋਕ ਹੇਠਾਂ ਦੱਬੇ ਗਏ।
ਪਰਿਵਾਰ ਵੱਲੋਂ ਰੌਲਾ ਪਾਉਣ ‘ਤੇ ਆਉਣ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਤੁਰੰਤ ਬਾਹਰ ਕੱਢ ਕੇ ਪੁਲਿਸ ਕੰਟਰੋਲ ਰੂਮ ਅਤੇ 108 ਐਂਬੂਲੈਂਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ 108 ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਉਸਦੀ ਹਾਲਤ ਗੰਭੀਰ ਹੋਣ ਦੇ ਮੱਦੇਨਜ਼ਰ ਦਾਖਲ ਕਰਵਾਇਆ ਗਿਆ।
17 ਸਾਲਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਮ ਵਾਂਗ ਮੰਗਲਵਾਰ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪਰਿਵਾਰ ਨਾਲ ਆਪਣੇ ਕਮਰੇ ਵਿੱਚ ਸੌਂ ਗਿਆ। ਜਿਥੇ ਉਨ੍ਹਾਂ ਦੇ ਘਰ ਦੀ ਛੱਤ ਰਾਤ 9 ਵਜੇ ਉਨ੍ਹਾਂ ‘ਤੇ ਡਿੱਗੀ, ਜਿਸ ਵਿਚ ਸਰਬਜੀਤ ਸਿੰਘ, ਉਸ ਦਾ ਛੋਟਾ ਭਰਾ ਕੁਲਦੀਪ, ਮਾਂ ਰਾਣੀ ਅਤੇ ਨਾਨੀ ਜਾਗੀਰ ਕੌਰ ਗੰਭੀਰ ਜ਼ਖਮੀ ਹੋ ਗਏ।
ਉਥੇ ਹੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਸ਼ਹਿਰ ਦੇ ਡੀ-ਡਵੀਜ਼ਨ ਥਾਣੇ ਅਧੀਨ ਪੈਂਦੇ ਕਿਲ੍ਹਾ ਭੰਗਿਆ ਵਿਚ 3 ਮੰਜ਼ਿਲਾ ਮਕਾਨ ਢਹਿ ਗਿਆ। ਇਸ ਹਾਦਸੇ ਵਿੱਚ ਪਰਿਵਾਰ ਦੇ ਚਾਰ ਮੈਂਬਰ ਮਲਬੇ ਹੇਠ ਦੱਬ ਗਏ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗਡ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕੀਤਾ। ਤਕਰੀਬਨ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮਲਬੇ ਤੋਂ ਕੱਢਿਆ ਗਿਆ।
ਮਲਬੇ ਤੋਂ ਬਚਾਏ ਗਏ ਲੋਕਾਂ ਦੀ ਪਛਾਣ ਬਿੱਲਾ, ਮੋਨੂੰ, ਭਾਵਨਾ ਅਤੇ ਮੰਨਤ ਵਜੋਂ ਹੋਈ ਹੈ। ਚਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਘਰ ਬਹੁਤ ਪੁਰਾਣਾ ਸੀ। ਲੋਕਾਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਵਿੱਤੀ ਸਹਾਇਤਾ ਦੀ ਬੇਨਤੀ ਵੀ ਕੀਤੀ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਸ਼ਰਧਾਲੂ ਹੋਇਆ ਠੱਗੀ ਦਾ ਸ਼ਿਕਾਰ- ਵਿਦੇਸ਼ੀ ਕਰੰਸੀ ਨਾਲ ਭਰਿਆ ਬੈਗ ਲੈ ਕੇ ਬੰਦਾ ਹੋਇਆ ਰਫੂਚੱਕਰ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਗੇਟ ਹਕੀਮਾਂ ਥਾਣੇ ਅਧੀਨ ਪੈਂਦੇ ਪਿੰਡ ਮਲੇਚੱਕ ਨੇੜੇ ਭਾਈ ਵੀਰ ਸਿੰਘ ਕਲੋਨੀ ਦੇ ਵਸਨੀਕ ਸ਼ਮਸ਼ੇਰ ਸਿੰਘ ਦਾ ਘਰ ਮੀਂਹ ਕਾਰਨ ਡਿੱਗਣ ਨਾਲ ਪਰਿਵਾਰ ਦੇ ਚਾਰ ਮੈਂਬਰ ਮਲਬੇ ਹੇਠਾਂ ਦੱਬ ਗਏ ਸਨ।